ਲੁਧਿਆਣਾ ਦੇ ਡਾਬਾ ਇਲਾਕੇ ਵਿਚ ਚਾਰ ਸਾਲਾ ਮਾਸੂਮ ਬੱਚੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਬੱਚੀ ਬੀਤੀ ਸ਼ਾਮ ਤੋਂ ਲਾਪਤਾ ਸੀ। ਇਸ ਦੇ ਪਰਵਾਰਕ ਮੈਂਬਰਾਂ ਵਲੋਂ ਜਦੋਂ ਇਸ ਦੀ ਭਾਲ ਕੀਤੀ ਗਈ ਤਾਂ ਬੱਚੀ ਦਾ ਕੁੱਝ ਪਤਾ ਨਾ ਲੱਗਿਆ। ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਰਾਹੀਂ ਪਤਾ ਲੱਗਿਆ ਕਿ ਇਲਾਕੇ ‘ਚ ਰਹਿਣ ਵਾਲਾ ਇਕ ਨੌਜਵਾਨ ਲੜਕੀ ਨੂੰ ਬਹਾਨੇ ਨਾਲ ਕਮਰੇ ‘ਚ ਲੈ ਗਿਆ ਸੀ, ਜਦੋਂ ਪੁਲਿਸ ਵਲੋਂ ਉਸ ਨੌਜਵਾਨ ਦੇ ਕਮਰੇ ਦੀ ਤਲਾਸ਼ੀ ਲਈ ਗਈ ਤਾਂ ਬੱਚੀ ਦੀ ਲਾਸ਼ ਉਥੇ ਬੈਡ ਵਿਚੋਂ ਪਾਈ ਗਈ। ਦੇਰ ਰਾਤ ਪੁਲਿਸ ਨੇ ਬੱਚੀ ਦੀ ਲਾਸ਼ ਬਰਾਮਦ ਕਰ ਲਈ। ਹਾਲ ਦੀ ਘੜੀ ਕਥਿਤ ਦੋਸ਼ੀ ਫ਼ਰਾਰ ਦਸਿਆ ਜਾ ਰਿਹਾ ਹੈ, ਜਿਸ ਦੀ ਪੁਲਿਸ ਭਾਲ ਕਰ ਰਹੀ ਹੈ।

ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਬੱਚੀ ਨਾਲ ਬਲਾਤਕਾਰ ਕਰਕੇ ਕਤਲ ਕੀਤਾ ਗਿਆ ਹੈ। ਲੜਕੀ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਫਿਲਹਾਲ ਪੁਲਿਸ ਨੇ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੋਸਟਮਾਰਟਮ ਦੀ ਰੀਪੋਰਟ ਤੋਂ ਬਾਅਦ ਹੀ ਸਾਰਾ ਮਾਮਲਾ ਸਾਹਮਣੇ ਆਵੇਗਾ।
ਜਾਣਕਾਰੀ ਅਨੁਸਾਰ 15 ਦਿਨ ਪਹਿਲਾਂ ਸੋਨੂੰ ਨਾਂ ਦਾ ਨੌਜਵਾਨ ਅਪਣੇ ਭਰਾ ਅਸ਼ੋਕ ਨਾਲ ਰਹਿਣ ਲਈ ਇਲਾਕੇ ‘ਚ ਆਇਆ ਸੀ। ਸੋਨੂੰ ਦਾ ਭਰਾ ਇਲਾਕੇ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਗੈਸ ਸਿਲੰਡਰ ਭਰਨ ਦਾ ਕੰਮ ਕਰਦਾ ਹੈ। ਲੜਕੀ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਹਰਕਤ ‘ਚ ਆਈ ਅਤੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ। ਦੇਰ ਰਾਤ ਅਸ਼ੋਕ ਦੇ ਘਰ ਦੇ ਬਾਕਸ ਬੈੱਡ ਤੋਂ ਲੜਕੀ ਦੀ ਲਾਸ਼ ਬਰਾਮਦ ਹੋਈ।
ਜਾਣਕਾਰੀ ਅਨੁਸਾਰ ਮੁਲਜ਼ਮ ਸੋਨੂੰ ਕੱਲ੍ਹ ਲੜਕੀ ਨੂੰ ਉਸ ਦੀ ਦਾਦੀ ਦੀ ਚਾਹ ਦੀ ਦੁਕਾਨ ਤੋਂ ਉਸ ਨਾਲ ਖੇਡਣ ਅਤੇ ਕੁੱਝ ਲੈਣ ਦੇ ਬਹਾਨੇ ਅਪਣੇ ਨਾਲ ਲੈ ਗਿਆ। ਸੀਸੀਟੀਵੀ ਵਿਚ ਉਹ ਲੜਕੀ ਨੂੰ ਚੁੱਕ ਕੇ ਲਿਜਾਂਦਾ ਵੀ ਨਜ਼ਰ ਆਇਆ। ਏਡੀਸੀਪੀ ਜਸਕਿਰਨਜੀਤ ਤੇਜਾ ਨੇ ਦਸਿਆ ਕਿ ਘਟਨਾ ਵਾਲੀ ਥਾਂ ਤੋਂ ਕਿਸੇ ਕਿਸਮ ਦਾ ਕੋਈ ਹਥਿਆਰ ਬਰਾਮਦ ਨਹੀਂ ਹੋਇਆ। ਲੜਕੀ ਦੀ ਲਾਸ਼ ਦੀ ਹਾਲਤ ਤੋਂ ਜਾਪਦਾ ਹੈ ਕਿ ਉਸ ਦਾ ਗਲਾ ਘੁੱਟਿਆ ਗਿਆ ਸੀ। ਕਾਤਲ ਨੂੰ ਫੜਨ ਲਈ ਟੀਮਾਂ ਤਾਇਨਾਤ ਕਰ ਦਿਤੀਆਂ ਗਈਆਂ ਹਨ। ਫਿਲਹਾਲ ਆਈਪੀਸੀ ਦੀ ਧਾਰਾ 302 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪੋਸਟਮਾਰਟਮ ਤੋਂ ਬਾਅਦ ਰਿਪੋਰਟ ਅਨੁਸਾਰ ਧਾਰਾਵਾਂ ਵਿਚ ਵਾਧਾ ਕੀਤਾ ਜਾਵੇਗਾ।