ਮਾਹਿਲਪੁਰ: ਪਿੰਡ ਲੰਗੇਰੀ ਦੇ ਇੱਕ ਖਾਲੀ ਪਏ ਪਲਾਟ ਵਿਚ ਨਵਜੰਮੀ ਬੱਚੀ ਦੀ ਲਾਸ਼ ਮਿਲੀ ਹੈ। ਮੌਕੇ ’ਤੇ ਪੁੱਜੀ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਸੱਤ ਵਜੇ ਪਿੰਡ ਵਾਸੀਆਂ ਨੇ ਸਰਪੰਚ ਦਲਜੀਤ ਕੌਰ ਨੂੰ ਸੂਚਿਤ ਕੀਤਾ ਕਿ ਪਿੰਡ ਦੇ ਹੀ ਇਕ ਖਾਲੀ ਪਏ ਪਲਾਟ ਵਿਚ ਨਵਜੰਮੀ ਬੱਚੀ ਦੀ ਲਾਸ਼ ਪਈ ਹੈ। ਉਨ੍ਹਾਂ ਇਸ ਦੀ ਸੂਚਨਾ ਪੁਲਿਸ ਤੇ ਦਿੱਤੀ ਤੇ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਨਵਜੰਮੀ ਬੱਚੀ ਦੀ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਸਰਪੰਚ ਨੇ ਦੱਸਿਆ ਕਿ ਸੀਸੀਟੀਵੀ ਚੈੱਕ ਕੀਤੇ ਤਾਂ ਪਿੰਡ ਵਿੱਚੋਂ ਹੀ ਇਕ ਆਵਾਰਾ ਕੁੱਤਾ ਬੱਚੀ ਦੀ ਲਾਸ਼ ਮੂੰਹ ਵਿਚ ਪਾ ਕੇ ਪਿੰਡ ਦੇ ਬਾਹਰ ਲਿਜਾਂਦਾ ਨਜ਼ਰ ਆਇਆ। ਇਸ ਸਬੰਧੀ ਥਾਣੇਦਾਰ ਗੁਰਨੇਕ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।