ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਗੱਗਵਾਲ ਵਾਸੀ ਅਭਿਮਨਿਊ ਭਨੋਟ ਦੀ ਲਾਸ਼ 20 ਦਿਨਾਂ ਬਾਅਦ ਚੰਬਾ-ਭਰਮੌਰ ਹਾਈਵੇ ‘ਤੇ ਰਾਵੀ ਦਰਿਆ ‘ਚੋਂ ਬਰਾਮਦ ਹੋਈ ਹੈ। ਬਿਆਨਾਂ ਦੇ ਆਧਾਰ ‘ਤੇ ਹਿਮਾਚਲ ਪੁਲਿਸ ਨੇ ਫੂਡ ਕੈਫੇ ਦੇ ਮਾਲਕ ਸਮੇਤ 15 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।
ਜਾਣਕਾਰੀ ਮੁਤਾਬਕ ਅਭਿਮਨਿਊ ਭਨੋਟ ਹਿਮਾਚਲ ਦੇ ਲੂਨਾ ‘ਚ ਇਕ ਫੂਡ ਕੈਫੇ ‘ਚ ਕੰਮ ਕਰਦਾ ਸੀ, ਜੋ 16 ਨਵੰਬਰ ਨੂੰ ਲਾਪਤਾ ਹੋ ਗਿਆ ਸੀ। ਕੈਫੇ ਸੰਚਾਲਕ ਨੇ ਥਾਣੇ ‘ਚ ਅਭਿਮਨਿਊ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਦੱਸਿਆ ਜਾ ਰਿਹਾ ਹੈ ਕਿ ਫੂਡ ਕੈਫੇ ਦੇ ਸੰਚਾਲਕ ਦੀ ਕੁਝ ਲੋਕਾਂ ਨਾਲ ਪੁਰਾਣੀ ਦੁਸ਼ਮਣੀ ਸੀ।
ਸ਼ਿਕਾਇਤਕਰਤਾ ਮ੍ਰਿਤਕ ਦੇ ਭਰਾ ਭੀਸ਼ਮ ਭਨੋਟ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸ ਦੇ ਭਰਾ ਅਭਿਮੰਨਿਊ ਨੇ ਫੋਨ ਕਰਕੇ ਸੂਚਨਾ ਦਿੱਤੀ ਸੀ ਕਿ 14 ਵਿਅਕਤੀ ਕੈਫੇ ‘ਚ ਆਏ ਅਤੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਜਾਨ ਨੂੰ ਵੀ ਖਤਰਾ ਹੈ। ਅਭਿਮਨਿਊ ਆਪਣੀ ਜਾਨ ਬਚਾਉਣ ਲਈ ਮੁੱਖ ਸੜਕ ‘ਤੇ ਆ ਗਿਆ ਪਰ ਕੁਝ ਦੇਰ ਬਾਅਦ ਅਚਾਨਕ ਫੋਨ ਬੰਦ ਹੋ ਗਿਆ। SP ਚੰਬਾ ਦੇ ਅਭਿਸ਼ੇਕ ਯਾਦਵ ਅਤੇ ASP ਵਿਨੋਦ ਧੀਮਾਨ ਨੇ ਪਰਿਵਾਰ ਨੂੰ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਪੁਲਿਸ ਨੇ 4 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਹੈ।