ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਦੀ ਡੂੰਘੀ ਸਾਜ਼ਿਸ਼: ਕਾਲਕਾ, ਕਾਹਲੋਂ

    ਸਰਨਾ ਕੀ ਇਸ ਗੱਲ ਤੋਂ ਅਣਜਾਣ ਕਿ ਕਿਸ ਤਰੀਕੇ ਕਮੇਟੀ ਦੇ ਬੈਂਕ ਖ਼ਾਤੇ ਚਲਾਏ ਜਾਂਦੇ ਹਨ? ਕਾਲਕਾ ਤੇ ਕਾਹਲੋਂ ਨੇ ਕੀਤਾ ਸਵਾਲ

    ਹਰਜੋਤ ਬੈਂਸ ਸਮੇਤ ਸੰਗਤ ਕਦੇ ਵੀ ਆ ਕੇ ਕਮੇਟੀ ਦੇ ਖ਼ਾਤੇ ਚੈਕ ਕਰ ਸਕਦੀ ਹੈ

    ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿਚ ਜਰਮਨਜੀਤ ਸਿੰਘ ਨਾਂ ਦੇ ਵਿਅਕਤੀ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਇਹ ਇਕ ਬੇਹੱਦ ਬੇਤੁਕੇ ਤੇ ਨਿਰਾਧਾਰ ਦੋਸ਼ ਹਨ ਜੋ ਨਸ਼ੇੜੀ ਕਿਸਮ ਦੇ ਵਿਅਕਤੀ ਵੱਲੋਂ ਲਗਾਏ ਜਾਪਦੇ ਹਨ ਤੇ ਇਹਨਾਂ ਦਾ ਮੁੱਖ ਮਕਸਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨਾ ਹੈ।

    ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ ਵੀਡੀਓ ਸਿੱਖ ਕੌਮ ਦੀ ਸਿਰਮੌਰ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਦੀ ਡੂੰਘੀ ਸਾਜ਼ਿਸ਼ ਹੈ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੂੰ ਵਿਦੇਸ਼ਾਂ ਤੋਂ ਫੰਡ ਪ੍ਰਾਪਤ ਕਰਨ ਲਈ ਭਾਰਤ ਸਰਕਾਰ ਨੇ ਐਫ ਸੀ ਆਰ ਏ ਦੀ ਪ੍ਰਵਾਨਗੀ ਦਿੱਤੀ ਸੀ ਜਿਸ ਤਹਿਤ ਹੁਣ ਤੱਕ ਤਕਰੀਬਨ ਸਾਢੇ 16 ਕਰੋੜ ਰੁਪਏ ਪ੍ਰਾਪਤ ਹੋਏ ਹਨ। ਉਹਨਾਂ ਦੱਸਿਆ ਕਿ ਐਫ ਸੀ ਆਰ ਏ ਤਹਿਤ ਦੋ ਤਰੀਕੇ ਦੇ ਖ਼ਾਤੇ ਹੁੰਦੇ ਹਨ ਜਿਹਨਾਂ ਵਿਚੋਂ ਇਕ ਪੈਸੇ ਪ੍ਰਾਪਤ ਕਰਨ ਵਾਸਤੇ ਤੇ ਦੂਜਾ ਖ਼ਰਚੇ ਵਾਸਤੇ ਹੁੰਦਾ ਹੈ। ਉਹਨਾਂ ਕਿਹਾ ਕਿ ਇਕ-ਇਕ ਰੁਪਿਆ ਤੇ ਪੈਸਾ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਪ੍ਰਾਪਤ ਤੇ ਖਰਚ ਹੁੰਦਾ ਹੈ।

    ਸੋਸ਼ਲ ਮੀਡੀਆ ਵਾਇਰਲ ਵੀਡੀਓ ਵਿਚ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੱਲੋਂ 10 ਹਜ਼ਾਰ ਕਰੋੜ ਰੁਪਏ ਦਾ ਹੇਰ ਫੇਰ ਕਰਨ ਦੇ ਲਾਏ ਦੋਸ਼ਾਂ ਦਾ ਮਖੌਲ ਉਡਾਉਂਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਜਿਹੜੇ ਸਰਨਾ ਭਰਾ ਅੱਜ ਕਮੇਟੀ ਨੂੰ ਬਦਨਾਮ ਕਰਨ ’ਤੇ ਲੱਗੇ ਹਨ, ਕੀ ਉਹ ਨਹੀਂ ਜਾਣਦੇ ਕਿ ਕਮੇਟੀ ਦੇ ਬੈਂਕ ਖ਼ਾਤੇ ਕਿਸ ਤਰੀਕੇ ਚਲਾਏ ਜਾਂਦੇ ਹਨ। ਉਹਨਾਂ ਕਿਹਾ ਕਿ ਵੀਡੀਓ ਵਿਚਲਾ ਸ਼ਖਸ਼ ਆਈ ਸੀ ਆਈ ਆਈ ਸੀ ਬੈਂਕ ਖ਼ਾਤੇ ਦੀ ਗੱਲ ਕਰ ਰਿਹਾ ਹੈ ਜਦੋਂ ਕਿ ਕਮੇਟੀ ਦਾ ਅਜਿਹਾ ਕੋਈ ਖ਼ਾਤਾ ਹੀ ਨਹੀਂ ਹੈ। ਉਹਨਾਂ ਕਿਹਾ ਕਿ ਜਿਹੜੇ ਵੀ ਖ਼ਾਤੇ ਹਨ, ਉਹ ਸਾਰੇ ਸੰਗਤ ਦੇ ਸਾਹਮਣੇ ਹਨ ਤੇ ਇਕ ਇਕ ਪੈਸੇ ਦਾ ਹਿਸਾਬ ਰੱਖਿਆ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਵਿੱਤੀ ਸਾਲ ਦੇ ਅੰਤ ਵਿਚ ਪੂਰੀ ਸਟੇਟਮੈਂਟ ਬਣਾ ਕੇ ਕਮੇਟੀ ਅਹੁਦੇਦਾਰਾਂ ਦੇ ਹਸਤਾਖ਼ਰ ਮਗਰੋਂ ਆਮਦਨ ਕਰ ਵਿਭਾਗ ਨੂੰ ਸੌਂਪੀ ਜਾਂਦੀ ਹੈ।

    ਸਰਨਾ ’ਤੇ ਵਰ੍ਹਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰ ਚੁੱਕੇ ਹਾਂ ਕਿ ਸਾਰੇ ਖ਼ਾਤੇ ਤੇ ਰਿਕਾਰਡ ਸੰਗਤ ਦੇ ਸਾਹਮਣੇ ਹੈ। ਕਮੇਟੀ ਨੂੰ ਬਦਨਾਮ ਕਰਨ ਵਾਲੇ ਸਰਨਾ ਭਰਾਵਾਂ ਦੀ ਜਵਾਬ ਤਲਬੀ ਹੋਣੀ ਚਾਹੀਦੀ ਹੈ।

    ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਦੋਸ਼ ਲਾਉਣਾ ਵਾਲਾ ਵਿਅਕਤੀ ਦਿਮਾਗੀ ਤੇ ਮਾਨਸਿਕ ਰੋਗੀ ਹੈ। ਉਹਨਾਂ ਨੇ ਉਕਤ ਵਿਅਕਤੀ ਸਮੇਤ ਸਰਨਾ ਭਰਾਵਾਂ ਨੂੰ ਚੁਣੌਤੀ ਦਿੱਤੀ ਕਿ ਉਹ ਲਾਏ ਦੋਸ਼ ਸਾਬਤ ਕਰ ਕੇ ਵਿਖਾਉਣ ਤਾਂ ਉਹ ਦੇਣਦਾਰਹੋਣਗੇ ਤੇ ਜੇਕਰ ਸਾਬਤ ਨਾ ਕਰ ਸਕੇ ਤਾਂ ਫਿਰ ਅਦਾਲਤਾਂ ਵਿਚ ਮਾਣਹਾਨੀ ਮੁਕੱਦਮੇ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣ।

    ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਜੋਤ ਬੈਂਸ ਵੱਲੋਂ ਲਾਏ ਦੋਸ਼ਾਂ ਬਾਰੇ ਮੀਡੀਆ ਦੇ ਸਵਾਲ ਦੇ ਜਵਾਬ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਸਰਦਾਰ ਬੈਂਸ ਤੇ ਸਮੁੱਚੇ ਵਿਰੋਧੀਆਂ ਨੂੰ ਸਿੱਧਾ ਚੁਣੌਤੀ ਦਿੱਤੀ ਕਿ ਉਹ ਜਦੋਂ ਮਰਜ਼ੀ ਆਕੇ ਚੈਕ ਕਰ ਲੈਣ ਜਾਂ ਆਪਣੇ ਸੀ ਏ ਨਾਲ ਲੈ ਆਉਣ ਤੇ ਜੇਕਰ ਕੋਈ ਵੀ ਨੁਕਸ ਖ਼ਾਤਿਆਂ ਵਿਚ ਨਿਕਲ ਗਿਆ ਤਾਂ ਉਹ ਸੰਗਤ ਦੇ ਦੇਣਦਾਰ ਹੋਣਗੇ ਪਰ ਨਾ ਨਿਕਲਣ ’ਤੇ ਉਹ ਮਾਦਹਾਨੀ ਮੁਕੱਦਮੇ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣ।