ਹਰਿਆਣਾ ਦੇ ਭਿਵਾਨੀ ਜ਼ਿਲੇ ਦੇ ਪਿੰਡ ਮੁੰਡਾਲ ਖੁਰਦ ‘ਚ ਐਤਵਾਰ ਸ਼ਾਮ ਬਿਜਲੀ ਦਾ ਕਰੰਟ ਲੱਗਣ ਕਾਰਨ ਇਕ ਹੀ ਪਰਿਵਾਰ ਦੇ 5 ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ, ਜਿਨ੍ਹਾਂ ‘ਚੋਂ 2 ਦੀ ਮੌਤ ਹੋ ਗਈ ਅਤੇ 3 ਗੰਭੀਰ ਜ਼ਖਮੀ ਹੋ ਗਏ।
ਜ਼ਖ਼ਮੀਆਂ ਦਾ ਇਲਾਜ ਹਿਸਾਰ ਜ਼ਿਲ੍ਹੇ ਦੇ ਹਾਂਸੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਸੋਮਬੀਰ ਨੇ ਦੱਸਿਆ ਕਿ ਉਸ ਦੇ ਚਾਚੇ ਜੋਗਿੰਦਰ ਅਤੇ ਸ਼ਿਆਮ ਪਿੰਡ ਵਿੱਚ ਆਪਣਾ ਮਕਾਨ ਬਣਾ ਰਹੇ ਸਨ। ਐਤਵਾਰ ਨੂੰ ਘਰ ਦਾ ਲੈਂਟਰ ਪਾਇਆ ਜਾ ਰਿਹਾ ਸੀ। ਕੰਮ ਪੂਰਾ ਹੋਣ ਤੋਂ ਬਾਅਦ ਸਾਰੇ ਲੋਕ ਲੈਂਟਰ ਉਤੇ ਖੜ੍ਹੇ ਸਨ।
ਇਸ ਦੌਰਾਨ ਕਰੀਬ 11000 ਵੋਲਟਸ ਦੀ ਬਿਜਲੀ ਦੀ ਤਾਰ ਛੱਤ ਦੇ ਸੰਪਰਕ ਵਿੱਚ ਆ ਗਈ। ਲੈਂਟਰ ਗਿੱਲਾ ਹੋਣ ਕਾਰਨ ਉਸ ਵਿਚ ਬਿਜਲੀ ਦਾ ਕਰੰਟ ਆ ਗਿਆ ਅਤੇ ਜ਼ੋਰਦਾਰ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ ਪਰਿਵਾਰ ਦੇ ਪੰਜ ਜੀਅ ਬੁਰੀ ਤਰ੍ਹਾਂ ਝੁਲਸ ਗਏ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਕਈ ਵਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਘਰ ਦੇ ਨੇੜਿਓਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਚੁੱਕਣ ਲਈ ਕਿਹਾ ਸੀ ਪਰ ਅੱਜ ਤੱਕ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਵਿੱਤੀ ਮਦਦ ਦੀ ਮੰਗ ਕੀਤੀ ਹੈ।