ਪੰਜਾਬੀਆਂ ਦੇ ਵਿਦੇਸ਼ਾਂ ਵਿੱਚ ਆਏ ਦਿਨ ਮੱਲਾਂ ਮਾਰਨ ਦੇ ਝੰਡੇ ਗੱਡਣ ਦੀਆਂ ਖਬਰਾਂ ਚਰਚਾ ਦਾ ਵਿਸ਼ਾ ਬਣਦੀਆ ਹਨ। ਜਿਸ ਕਰਕੇ ਗੋਰੇ ਵੀ ਇੰਨਾ ਦੇ ਕਾਇਲ ਹਨ। ਵਿਦੇਸਾਂ ਵਿੱਚ ਇਸ ਕਾਮਯਾਬੀਆ ਦੇ ਝੰਡੇ ਵਿੱਚ ਹੋਰ ਵਾਧਾ ਕਰਦਿਆਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਖਾਨਖਾਨਾ ਦੇ ਨਾਲ ਸਬੰਧਤ ਮਾਪਿਆਂ ਦੀ ਲਾਡਲੀ ਧੀ ਲਵਪ੍ਰੀਤ ਰਾਏ, ਜਿਸ ਨੇ ਇਮੀਲੀਆ ਰੋਮਾਨਾ ਵਿੱਚ ਹੋਈਆਂ ਸਟੇਟ ਪੱਧਰ ਦੀ 800 ਮੀਟਰ ਦੀ ਦੌੜ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ।
ਇਸ ਤੋਂ ਇਲਾਵਾ ਉਹ 26 ਅਤੇ 28 ਜੁਲਾਈ ਨੂੰ ਰਾਸ਼ਟਰੀ ਪੱਧਰ ਤੇ ਅੰਡਰ-20 ਦੀਆਂ ਇਟਲੀ ਦੇ ਸ਼ਹਿਰ ਰੇਤੀ ਵਿੱਚ ਹੋਣ ਵਾਲੀ ਚੈਪੀਅਨਸ਼ਿਪ ਵਿੱਚ ਹਿੱਸਾ ਲੈਣ ਜਾ ਰਹੀ ਹੈ।ਲਵਪ੍ਰੀਤ ਰਾਏ ਜੋ ਕਿ ਇਟਲੀ ਦੇ ਸ਼ਹਿਰ ਰਾਵੇਨਾ ਦੇ ਕਸਬਾ ਬ੍ਰਿਸੀਗੇਲਾ ਦੀ ਰਹਿਣ ਵਾਲੀ ਹੈ, ਇਸ ਦੀ ਉਮਰ 19 ਸਾਲ ਹੈ ਅਤੇ ਇਟਲੀ ਦੀ ਹੀ ਜੰਮਪਲ ਹੈ ਅਤੇ ਪੜ੍ਹਾਈ ਵੀ ਕਰ ਰਹੀ ਹੈ।ਪੱਤਰਕਾਰ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਉਸ ਦੇ ਪਿਤਾ ਅਮਰਜੀਤ ਸਿੰਘ ਰਾਏ ਨੇ ਦੱਸਿਆ ਕਿ ਇਨ੍ਹਾਂ ਦੀ ਬੇਟੀ ਹੁਣ ਤੱਕ ਵੱਡੀ ਗਿਣਤੀ ਵਿੱਚ ਸਟੇਟ ਪੱਧਰ ਅਤੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਮੈਡਲ ਜਿੱਤ ਚੁੱਕੀ ਹੈ, ਅਤੇ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੀ ਖੇਡ ਵੱਲ ਧਿਆਨ ਦੇ ਰਹੀ ਹੈ, ਹੁਣ ਉਹ ਨੈਸ਼ਨਲ ਪੱਧਰ 800 ਮੀਟਰ ਦੀਆਂ ਦੌੜਾਂ ਵਿੱਚ ਵੀ ਜਲਦੀ ਹੀ ਹਿੱਸਾ ਲੈਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਉਨ੍ਹਾਂ ਦੀ ਬੇਟੀ ਦੀ ਰੁਚੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਸੀ। ਉਹ ਇਸ ਸਮੇਂ ਫਰਾਰੇ ਯੁਨੀਵਰਸਿਟੀ ਤੋਂ ਬਾਇੳ ਟੈਕਨੋਲੋਜੀ ਮੈਡੀਕਲ ਦੀ ਡਿਗਰੀ ਕਰ ਰਹੀ ਹੈ। ਗੋਲੀ ਵਾਂਗਰ ਤੇਜ਼ ਦੌੜਨ ਵਾਲੀ ਪੰਜਾਬਣ ਧੀ ਆਪਣੀ ਕਾਬਲੀਅਤ ਲਈ ਇਟਾਲੀਅਨ ਲੋਕਾਂ ਵਿਚ ਖ਼ੂਬ ਚਰਚਾ ਬਟੋਰ ਰਹੀ ਹੈ।