Skip to content
ਲਾਂਬੜਾ : ਸਿਆਣੇ ਕਹਿੰਦੇ ਹਨ ਕਿ ਜੇ ਇਰਾਦਾ ਕਰ ਲਿਆ ਜਾਵੇ ਤਾਂ ਹਰੇਕ ਮੰਜਿਲ ਸਰ ਕੀਤੀ ਜਾ ਸਕਦੀ ਹੈ। ਸਾਡੇ ਸਮਾਜ ਵਿਚ ਇਕ ਗੱਲ ਆਮ ਹੈ ਵਿਆਹ ਤੋਂ ਬਾਅਦ ਕੋਈ ਕਾਮਯਾਬੀ ਹਾਸਲ ਕਰਨ ਲਈ ਮੁਸ਼ਕਲ ਹੋ ਜਾਂਦੀ ਹੈ ਪਰ ਆਸਟ੍ਰੇਲੀਆ ’ਚ ਰਹਿੰਦੀ ਬੀਬੀ ਨਵਦੀਪ ਕੌਰ ਨਾਲ ਅਜਿਹਾ ਨਹੀਂ ਹੋਇਆ। ਲਾਂਬੜਾ ਦੇ ਅਧੀਨ ਆਉਂਦੇ ਪਿੰਡ ਬਸ਼ੇਸ਼ਰਪੁਰ ਵਾਸੀ ਮਾਸਟਰ ਬਹਾਦਰ ਸਿੰਘ ਸੰਧੂ ਹਾਲ ਵਾਸੀ ਜਲੰਧਰ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਉਨ੍ਹਾਂ ਦੀ ਧੀ ਨਵਦੀਪ ਕੌਰ ਨੇ ਸਿੱਖ ਖੇਡਾਂ ਵਿਚ ਚਾਂਦੀ ਦਾ ਤਮਗ਼ਾ ਜਿੱਤ ਕੇ ਪੰਜਾਬ ਤੇ ਪੰਜਾਬੀਅਤ ਦਾ ਨਾਮ ਚਮਕਾਇਆ ਹੈ।
ਉਨ੍ਹਾਂ ਮਾਣ ਮਹਿਸੂਸ ਕਰਦਿਆਂ ਦਸਿਆ ਕਿ ਨਵਦੀਪ ਕੌਰ ਜੋ ਸਿਡਨੀ (ਆਸਟ੍ਰੇਲੀਆ) ’ਚ ਹਿਊਮਨ ਰਿਸੋਰਸ ਡਿਪਾਰਟਮੈਂਟ ਵਿਚ ਕਲਚਰ ਅਫ਼ਸਰ ਵਜੋਂ ਸੇਵਾ ਨਿਭਾਅ ਰਹੀ ਹੈ ਤੇ ਦੋ ਬੱਚਿਆਂ ਦੀ ਮਾਂ ਹੈ, ਨੇ ਸਿਡਨੀ ਵਿਚ ਹੋ ਰਹੀਆਂ ਸਿੱਖ ਖੇਡਾਂ ਵਿਚ ਹਿੱਸਾ ਲੈ ਕੇ 100 ਮੀਟਰ ਦੌੜ ’ਚ ਚਾਂਦੀ ਦਾ ਤਮਗ਼ਾ ਜਿਤਿਆ। ਤੁਹਾਨੂੰ ਦਸ ਦਈਏ ਕਿ ਨਵਦੀਪ ਕੌਰ ਖ਼ਾਲਸਾ ਸਕੂਲ ਲਾਂਬੜਾ ਦੀ ਵਧੀਆ ਅਥਲੀਟ, ਵਧੀਆ ਬੁਲਾਰਾ ਤੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕਵਿਤਾਵਾਂ ਰਾਹੀਂ ਕਮਲਜੀਤ ਨੀਲੋਂ ਨਾਲ ਰੇਡੀਉ, ਟੈਲੀਵਿਜ਼ਨ ’ਤੇ ਪੇਸ਼ਕਾਰੀ ਕਰਦੀ ਰਹੀ ਹੈ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਤੋਂ ਬੀਟੈੱਕ ਕਰਦਿਆਂ ਗਿੱਧੇ ਵਿਚ ਵੀ ਚੰਗੇ ਜੌਹਰ ਦਿਖਾਉਂਦੀ ਰਹੀ ਹੈ।
Post Views: 2,093
Related