ਪੰਜਾਬ ਦੇ ਲੁਧਿਆਣਾ ਵਿਚ ਬੀਤੀ ਦੇਰ ਰਾਤ ਹਾਰਡੀਜ਼ ਵਰਲਡ ਦੇ ਸਾਹਮਣੇ ਪੁਲ ’ਤੇ ਵਾਪਰੇ ਸੜਕ ਹਾਦਸੇ ਵਿਚ ਸਕੂਟਰੀ ਸਵਾਰ ਲੜਕੀ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਲੜਕੀ ਦੇ ਸਿਰ ਦਾ ਅੱਧਾ ਹਿੱਸਾ ਬੁਰੀ ਤਰ੍ਹਾਂ ਨਾਲ ਕੁਚਲ ਗਿਆ। ਹਾਦਸਾ ਰਾਤ ਕਰੀਬ 10 ਵਜੇ ਵਾਪਰਿਆ। ਰਾਹਗੀਰਾਂ ਨੇ ਜਦੋਂ ਲੜਕੀ ਦੀ ਲਾਸ਼ ਸੜਕ ’ਤੇ ਪਈ ਦੇਖੀ ਤਾਂ ਉਨ੍ਹਾਂ ਤੁਰਤ ਟੋਲ ਬੂਥ ਤੋਂ ਫ਼ੋਨ ਕੀਤਾ। ਮੌਕੇ ’ਤੇ ਪੁੱਜੀ ਐਂਬੂਲੈਂਸ ਨੇ ਥਾਣਾ ਲਾਡੋਵਾਲ ਦੀ ਪੁਲਿਸ ਨੂੰ ਘਟਨਾ ਦੀ ਸੂਚਨਾ ਦਿਤੀ। ਲਾਸ਼ ਨੂੰ ਐਂਬੂਲੈਂਸ ਵਿਚ ਪਾ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ। ਮ੍ਰਿਤਕ ਲੜਕੀ ਫਿਲੌਰ ਮਾਇਆ ਜੀ ਸਰਕਾਰ ਦੇ ਦਰਬਾਰ ਵਿਚ ਮੱਥਾ ਟੇਕ ਕੇ ਘਰ ਪਰਤ ਰਹੀ ਸੀ।

ਟੋਲ ਪਲਾਜ਼ਾ ਦੇ ਮੁਲਾਜ਼ਮ ਨੇ ਦਸਿਆ ਕਿ ਪੁਲ ’ਤੇ ਪਾਣੀ ਡਿੱਗਣ ਕਾਰਨ ਕਾਫ਼ੀ ਤਿਲਕਣ ਹੋ ਗਈ ਸੀ। ਜਿਸ ਕਾਰਨ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿਤੀ। ਲੜਕੀ ਦਾ ਨਾਂ ਏਕਜੋਤ ਹੈ। ਉਸ ਦਾ ਸਕੂਟਰ ਦੇਰ ਰਾਤ ਤਕ ਪੁਲ ’ਤੇ ਪਿਆ ਰਿਹਾ। ਏਕਜੋਤ ਕੋਲ ਦੋ ਮੋਬਾਈਲ ਫ਼ੋਨ ਅਤੇ ਇਕ ਪਰਸ ਸੀ।
ਜਾਣਕਾਰੀ ਅਨੁਸਾਰ ਏਕਜੋਤ ਬਸਤੀ ਜੋਧੇਵਾਲ ਵਿਚ ਪ੍ਰਾਈਵੇਟ ਨੌਕਰੀ ਕਰਦੀ ਹੈ। ਉਹ ਦੋ ਭਰਾਵਾਂ ਦੀ ਇਕਲੌਤੀ ਭੈਣ ਸੀ। ਏਕਜੋਤ ਕਾਲੀ ਰੋਡ ਦੀ ਰਹਿਣ ਵਾਲੀ ਹੈ। ਥਾਣਾ ਲਾਡੋਵਾਲ ਦੇ ਜਾਂਚ ਅਧਿਕਾਰੀ ਮੇਜਰ ਸਿੰਘ ਅਨੁਸਾਰ ਫਿਲਹਾਲ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਸ਼ੁਕਰਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਏਕਜੋਤ ਨੂੰ ਟੱਕਰ ਮਾਰਨ ਵਾਲੇ ਵਾਹਨ ਦੀ ਵੀ ਭਾਲ ਕੀਤੀ ਜਾ ਰਹੀ ਹੈ।