ਸ੍ਰੀ ਮੁਕਤਸਰ ਸਾਹਿਬ, 22 ਫਰਵਰੀ (ਵਿਪਨ ਮਿਤੱਲ, ਪ੍ਰਬੋਧ ਸ਼ਰਮਾ ) ਸਮਤਾ ਸਮਾਨਤਾ ਅਤੇ ਭਾਈਚਾਰੇ ਦੇ ਅਲੰਬਰਦਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪਵਿੱਤਰ ਪ੍ਰਕਾਸ਼ ਉਤਸਵ ਸਾਰੇ ਸੰਸਾਰ ਅੰਦਰ ਖੁਸ਼ੀਆਂ ਅਤੇ ਚਾਵਾਂ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਰਵਿਦਾਸ ਜੀ ਦੇ ਸਾਰੇ ਮੰਦਰ ਸ਼ਾਨਦਾਰ ਤਰੀਕੇ ਨਾਲ ਸਜਾਏ ਗਏ ਹਨ। ਸ੍ਰੀ ਗੁਰੂ ਰਵਿਦਾਸ ਜੀ ਦੀਆਂ ਨਾਮ ਲੇਵਾ ਸੰਗਤਾਂ ਵਿਚ ਧਾਰਮਿਕ ਜੋਸ਼ ਅਤੇ ਉਤਸ਼ਾਹ ਪਾਇਆ ਜਾ ਰਿਹਾ ਹੈ। ਗੁਰੂ ਜੀ ਦੇ ਪਵਿੱਤਰ ਜਨਮ ਸਥਾਨ ਸੀਰ ਗਵਰਧਨਪੁਰ (ਬਨਾਰਸ) ਵਿਖੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਸੀਸ ਨਿਵਾਉਂਦੇ ਹਨ। ਸ਼ਰਧਾਲੂਆਂ ਵੱਲੋਂ ਥਾਂ-ਥਾਂ ’ਤੇ ਲੰਗਰ ਲਗਾਏ ਜਾਂਦੇ ਹਨ। ਇਥੇ ਤਰ੍ਹਾਂ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਜੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਦੇ ਪਰਿਵਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੈਅੰਤੀ ਦੀ ਖੁਸ਼ੀ ਵਿੱਚ ਸਥਾਨਕ ਬੁੱਧ ਵਿਹਾਰ ਸਥਿਤ ਭਾਰਤੀ ਹਸਪਤਾਲ ਦੇ ਬਾਹਰ ਜਲੇਬੀਆਂ ਦਾ ਲੰਗਰ ਲਾਇਆ ਗਿਆ। ਸਭ ਤੋਂ ਪਹਿਲਾਂ ਪ੍ਰਧਾਨ ਢੋਸੀਵਾਲ ਵੱਲੋਂ ਦੋ ਛੋਟੀਆਂ ਬੱਚੀਆਂ ਨੂੰ ਜਲੇਬੀਆਂ ਦਾ ਪ੍ਰਸ਼ਾਦ ਛਕਾ ਕੇ ਅਤੇ ਉਹਨਾਂ ਦੀ ਚਰਨ ਵੰਦਨਾ ਕਰਕੇ ਲੰਗਰ ਵਰਤਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਹਸਪਤਾਲ ਦੀ ਸੰਚਾਲਕ ਡਾ. ਮੀਨਾਕਸ਼ੀ ਭਾਰਤੀ, ਮੁਕਤਸਰ ਵਿਕਾਸ ਮਿਸ਼ਨ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਮੁਖ ਸਲਾਹਕਾਰ ਜਗਦੀਸ਼ ਚੰਦਰ ਧਵਾਲ, ਸਾਬਕਾ ਕੌਂਸਲਰ ਰਾਮ ਸਿੰਘ ਪੱਪੀ ਅਤੇ ਓ.ਪੀ. ਖਿੱਚੀ ਸਮੇਤ ਢੋਸੀਵਾਲ ਪਰਿਵਾਰ ਵੱਲੋਂ ਲੰਗਰ ਵਰਤਾਉਣ ਦੀ ਸੇਵਾ ਨਿਭਾਈ ਗਈ। ਇਸ ਮੌਕੇ ਪ੍ਰਧਾਨ ਢੋਸੀਵਾਲ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਿੱਖਿਆਵਾਂ ਸਾਰੇ ਸੰਸਾਰ ਲਈ ਚਾਨਣ ਮੁਨਾਰਾ ਹਨ। ਉਹਨਾਂ ਨੇ ਸਮਤਾ, ਸਮਾਨਤਾ ਅਤੇ ਭਾਈਚਾਰੇ ਉਪਰ ਆਧਾਰਤ ਸਮਾਜ ਬਣਾਏ ਜਾਣ ਦੀ ਕਲਪਨਾ ਕੀਤੀ ਸੀ। ਢੋਸੀਵਾਲ ਨੇ ਅੱਗੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ’ਤੇ ਅਮਲ ਕਰਨਾ ਹੀ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਪ੍ਰਧਾਨ ਢੋਸੀਵਾਲ ਨੇ ਸਮੁੱਚੇ ਸਮਾਜ ਨੂੰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪਵਿੱਤਰ ਪ੍ਰਕਾਸ਼ ਉਤਸਵ ਦੀ ਵਧਾਈ ਦਿੰਦੇ ਹੋਏ ਸਭਨਾਂ ਲਈ ਮੰਗਲ ਕਾਮਨਾ ਕੀਤੀ।