ਪੰਜਾਬ ਦੇ ਤਰਨ ਤਾਰਨ ਤੋਂ ਇੱਕ ਨੌਜਵਾਨ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ 32 ਸਾਲਾਂ ਨੌਜਵਾਨ ਦਾ ਆਪਣੀ ਪਤਨੀ ਨਾਲ ਝਗੜਾ ਚਲ ਰਿਹਾ ਸੀ, ਜਿਸ ਤੋਂ ਬਾਅਦ ਉਸ ਨੇ ਘਰ ਵਿੱਚ ਹੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਨਿਤਿਨ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੇ ਡੇਡ ਹਾਊਸ ਵਿੱਚ ਰੱਖਿਆ ਗਿਆ ਹੈ। ਨਿਤਿਨ ਕੁਮਾਰ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।
ਮ੍ਰਿਤਕ ਦੀ ਮਾਤਾ ਨੇ ਰੋਂਦੇ ਹੋਏ ਦੱਸਿਆ ਕਿ ਉਸਦੇ ਪੁੱਤਰ ਦਾ 12 ਸਾਲ ਪਹਿਲਾਂ ਅੰਮ੍ਰਿਤਸਰ ਦੀ ਰਹਿਣ ਵਾਲੀ ਕੁੜੀ ਨਾਲ ਵਿਆਹ ਹੋਇਆ ਸੀ ਅਤੇ ਉਸਦੀਆਂ ਦੋ ਲੜਕੀਆਂ ਹਨ। ਉਸਦੀ ਨੂੰਹ ਲਗਾਤਾਰ ਉਸਦੇ ਪੁੱਤਰ ‘ਤੇ ਥਾਣੇ ਕਚਹਿਰੀ ਵਿੱਚ ਕੇਸ ਕਰਦੀ ਰਹਿੰਦੀ ਸੀ ਅਤੇ ਕੱਲ੍ਹ ਵੀ ਥਾਣਾ ਸਿਟੀ ਵਿੱਚ ਸਾਡਾ ਪਰਿਵਾਰ ਅਤੇ ਮੇਰੇ ਪੁੱਤਰ ਦਾ ਸੋਹਰਾ ਪਰਿਵਾਰ ਆਇਆ ਸੀ ਜਿੱਥੇ ਕਿਸੇ ਗੱਲ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ। ਜਿੱਥੇ ਮੇਰੇ ਪੁੱਤਰ ਨੂੰ ਕੁਟਿਆ ਗਿਆ ਜਿਸ ਕਾਰਨ ਬੇਇਜਤੀ ਮਹਿਸੂਸ ਕਰਦਿਆਂ ਮੇਰੇ ਪੁੱਤਰ ਨੇ ਫਾਹਾ ਲਾ ਲਿਆ।
ਮ੍ਰਿਤਕ ਦੀ ਮਾਤਾ ਨੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਅਗਰ ਮੇਰੇ ਪੁੱਤਰ ਦੇ ਸੋਹਰੇ ਪਰਿਵਾਰ ‘ਤੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਆਪਣੇ ਪੁੱਤਰ ਦਾ ਅੰਤਿਮ ਸਸਕਰ ਨਹੀਂ ਕਰਨਗੇ। ਮੌਕੇ ‘ਤੇ ਪਹੁੰਚੇ DSP ਕਮਲ ਮੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਤਫ਼ਤੀਸ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।