ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਇਲਾਕੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਚੱਲਦੇ ਵਿਆਹ ਸਮਾਗਮ ‘ਚ ਲਾੜੀ ਦੀਆਂ ਅੱਖਾਂ ਸਾਹਮਣੇ ਲਾੜੇ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਲੜਕਾ ਵਿਆਹ ਕਰਵਾਉਣ ਲਈ ਅਮਰੀਕਾ ਤੋਂ ਪੰਜਾਬ ਆਇਆ ਸੀ।
ਮ੍ਰਿਤਕ ਦੀ ਪਹਿਚਾਣ ਵਿਪਨ ਕੁਮਾਰ ਵਜੋਂ ਹੋਈ ਹੈ। ਉਕਤ ਨੌਜਵਾਨ 2012 ਵਿੱਚ ਅਮਰੀਕਾ ਗਿਆ ਸੀ ਅਤੇ ਉਹ ਪੀ.ਆਰ. ਹੋ ਕੇ ਵਿਆਹ ਕਰਾਉਣ ਲਈ ਆਪਣੇ ਮਾਤਾ-ਪਿਤਾ ਨਾਲ ਪੰਜਾਬ ਵਾਪਸ ਆਇਆ ਹੋਇਆ ਸੀ। ਨੌਜਵਾਨ ਦੀ ਮੌਤ ਕਾਰਨ ਦੋਵਾਂ ਪਰਿਵਾਰਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਇਸ ਖ਼ਬਰ ਤੋਂ ਬਾਅਦ ਇਲਾਕੇ ‘ਚ ਵੀ ਸੋਗ ਦੀ ਲਹਿਰ ਦੌੜ ਗਈ ਹੈ।ਦੱਸ ਦੇਈਏ ਕਿ ਇਹ ਦੁਖਦਾਈ ਘਟਨਾ ਉਦੋਂ ਵਾਪਰੀ ਜਦੋਂ ਉਕਤ ਮੈਰਿਜ ਪੈਲੇਸ ਵਿੱਚ ਜੈ ਮਾਲਾ ਦੀ ਰਸਮ ਹੋ ਰਹੀ ਸੀ। ਉਕਤ ਨੌਜਵਾਨ ਨੇ ਜਿਵੇਂ ਹੀ ਲਾੜੀ ਦੇ ਗਲ਼ ਵਿੱਚ ਹਾਰ ਪਾਇਆ ਤੇ ਤਸਵੀਰ ਕਰਵਾਉਣ ਲੱਗਾ ਤਾਂ ਕੁਝ ਕੁ ਮਿੰਟਾਂ ਬਾਅਦ ਹੀ ਉਹ ਸਟੇਜ ‘ਤੇ ਡਿੱਗ ਪਿਆ। ਵਿਆਹ ‘ਚ ਸ਼ਾਮਲ ਰਿਸ਼ਤੇਦਾਰਾਂ ਤੇ ਹੋਰ ਪੁੱਜੇ ਲੋਕਾਂ ਨੇ ਉਸ ਨੂੰ ਤੁਰੰਤ ਮੁਕੰਦਪੁਰ ਸਥਿਤ ਰਾਏ ਜਰਨਲ ਹਸਪਤਾਲ ਵਿਖੇ ਪਹੁੰਚਾਇਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।