ਪਿੰਡ ਹਕੀਮਪੁਰ ਜ਼ਿਲ੍ਹਾ ਭਗਤ ਸਿੰਘ ਨਗਰ ਨਵਾਂ ਸ਼ਹਿਰ ਦਾ ਪ੍ਰਾਚੀਨ ਅਤੇ ਮਹੱਤਵਪੂਰਨ ਨਗਰ ਹੈ। ਇਸ ਨਗਰ ਦੀ ਦੱਖ਼ਣ ਦਿਸ਼ਾ ਵੱਲ, ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਸੁਸ਼ੋਭਿਤ ਹੈ। ਇਸ ਪਾਵਨ ਅਸਥਾਨ ਨੂੰ ਚਾਰ ਗੁਰੂ ਸਾਹਿਬਾਨ ਨੇ ਆਪਣੇ ਪਾਵਨ ਚਰਨਾਂ ਦੀ ਛੋਹ ਨਾਲ ਨਿਵਾਜਿਆ ਹੈ। ਸਿੱਖ ਇਤਿਹਾਸਕ ਹਵਾਲਿਆਂ, ਸਰੋਤਾਂ ਅਤੇ ਪ੍ਰੰਪਰਾਵਾਂ ਮੁਤਾਬਿਕ ਸੱਚ ਦਾ ਪੈਗਾਮ ਦੇਣ ਵਾਲੇ ਜਾਹਰ ਪੀਰ, ਜਗਤ ਗੁਰੂ ਬਾਬਾ ਸਾਹਿਬ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਤੀਜੀ ਉਦਾਸੀ ਸਮੇਂ ਪਾਵਨ ਇਤਿਹਾਸਕ ਨਗਰ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਅਨੇਕਾਂ ਅਸਥਾਨਾਂ ਤੋਂ ਹੁੰਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਜੀ ਨੂੰ ਜਾਣ ਸਮੇਂ 13 ਸਤੰਬਰ 1514 ਈਸਵੀ ਨੂੰ ਇਸ ਅਸਥਾਨ ਨੂੰ ਭਾਗ ਲਾਏ। ਜਿਸ ਜਗ੍ਹਾ ਤੇ ਆਪ ਜੀ ਬੈਠੇ ਸਨ ਉਥੇ ਅੱਜਕਲ ਵਿਸ਼ਾਲ ਇਤਿਹਾਸਕ ਤੀਰਥ ਸਰੋਵਰ ਬਣਿਆ ਹੋਇਆ ਹੈ ਜਿਸ ਦੀ ਕਾਰ ਸੇਵਾ ਸੰਤ ਬਾਬਾ ਨਿਹਾਲ ਸਿੰਘ ਜੀ ਦੀ ਅਗਵਾਈ ਵਿਚ 1980 ਨੂੰ ਸੰਪੂਰਨ ਕੀਤੀ ਗਈ ਸੀ। ਇਸ ਅਸਥਾਨ ਤੋਂ ਆਪ ਜੀ ਨਾਲ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਸਨ। ਇਤਿਹਾਸਕ ਸਰੋਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਨਿਹਾਲਾ ਅਤੇ ਭਾਈ ਲਾਲਾ ਜੀ ਨੂੰ ਮਾਰੂ ਰਾਗ ਅੰਗ 990-991’ਤੇ ਇਹ ਸ਼ਬਦ “ਮੁਲ ਖਰੀਦੀ ਲਾਲਾ ਗੋਲਾ” ਉਚਾਰਨ ਕਰਕੇ ਨਿਹਾਲ ਕੀਤਾ। ਆਪ ਜੀ ਨੇ ਇਥੇ ਤਿੰਨ ਦਿਨ ਨਿਵਾਸ ਰੱਖਕੇ ਸੰਗਤਾਂ ਨੂੰ ਨਾਮ ਬਾਣੀ ਜਪਣ ਦਾ ਉਪਦੇਸ਼ ਅਤੇ ਸੰਗਤਾਂ ਨੂੰ ਦਰਸ਼ਨ ਦੇ ਕੇ ਅਪਾਰ ਬਖਸ਼ਿਸ਼ਾਂ ਕਰਕੇ ਅੱਗੇ ਸ੍ਰੀ ਅਨੰਦਪੁਰ ਸਾਹਿਬ ਨੂੰ ਚਾਲੇ ਪਾਏ।
ਇਸੇ ਹੀ ਅਸਥਾਨ ਤੇ “ਗੁਰੂ ਖ਼ਾਲਸਾ ਤਵਾਰੀਖ” ਅਤੇ “ਪੰਜਾਬ ਦਾ ਇਤਿਹਾਸ” ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਨੇਕਾਂ ਸਿੱਖ ਯੋਧਿਆਂ ਨਾਲ ਧਾਰਮਿਕ ਪ੍ਰਚਾਰ ਦੌਰੇ ਸਮੇਂ ਦੋਆਬੇ ਦੀ ਧਰਤੀ ਤੇ ਵਿਚਰਦਿਆਂ 1634 ਈ. ਨੂੰ ਪੁੱਜ ਕੇ ਬੇਅੰਤ ਸੰਗਤਾਂ ਦਾ ਉਧਾਰ ਕੀਤਾ। ਇਸੇ ਹੀ ਪੂਜਨੀਕ ਪਾਵਨ ਪਵਿੱਤਰ ਅਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੱਤਵੀਂ ਅਗੰਮੀ ਜੋਤ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਨੇ ਇਤਿਹਾਸਕ ਸਰੋਤਾਂ ਅਨੁਸਾਰ ਅਤੇ “ਨਿਰਭਉ ਨਿਰਵੈਰ ਜੀਵਨੀ” ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਸੰਪਾਦਕ ਪ੍ਰਿੰਸੀਪਲ ਸਤਿਬੀਰ ਸਿੰਘ ਵਲੋਂ ਪੰਨਾ 92 ਤੇ ਲਿਖੇ ਅਨਮੋਲ ਖੋਜ ਭਰਪੂਰ ਬਚਨ ਵਿਸ਼ੇਸ਼ ਤੋਰ ਤੇ ਧਿਆਨ ਕਰਨ ਵਾਲੇ ਹਨ। ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ 15 ਨਵੰਬਰ 1655 ਜੀ ਨੂੰ ਦੁਆਬਾ ਮਾਲਵਾ ਧਰਮ ਪਰਚਾਰ ਫੇਰੀ ਪਾਵਨ ਅਸਥਾਨ ਸ੍ਰੀ ਕੀਰਤਪੁਰ ਸਾਹਿਬ ਜੀ ਤੋਂ ਆਰੰਭ ਕੀਤੀ। ਉਸ ਸਮੇਂ ਆਪ ਜੀ ਨਾਲ 2200 ਘੋੜ ਅਸਵਾਰ, ਚੋਣਵੇ ਸਿੱਖ ਭਾਈ ਰਾਉ, ਭਾਈ ਰੌਸ਼ਨ, ਭਾਈ ਦਾਨਾ, ਭਾਈ ਦੁਲਾ, ਭਾਈ ਕਰਮਾ, ਭਾਈ ਮੇਹਰਾ, ਭਾਈ ਸੁੱਖਾ, ਭਾਈ ਡੋਗਰ, ਭਾਈ ਰਾਮਾ ਕੰਗ, ਭਾਈ ਸਾਗਰ, ਭਾਈ ਨੱਥ ਮੱਲ ਅਤੇ ਸਵੇਰ ਸ਼ਾਮ ਕੀਰਤਨ ਕਰਨ ਵਾਲੇ ਭਾਈ ਅਬਦੁੱਲਾ, ਭਾਈ ਸੇਵਾ ਰੱਤਾ, ਭਾਈ ਚੱਤਰੂ ਅਤੇ ਭਾਈ ਨੱਥੂ ਜੀ ਅਤੇ ਸਤਿਗੁਰੂ ਜੀ ਦੇ ਮਹਿਲ ਉਚੇਚੇ ਤੌਰ ਤੇ ਸਾਥ ਸਨ। ਸਤਿਗੁਰੂ ਜੀ ਨੇ ਦੁਆਬੇ ਦੀ ਫੇਰੀ ਸਮੇਂ ਅਨੇਕਾਂ ਜੀਵਾਂ ਦਾ ਉਧਾਰ ਕਰਦੇ ਹੋਏ ਮੁਕੰਦਪੁਰ ਦੇ ਨਜ਼ਦੀਕ ਇਤਿਹਾਸਕ ਹਵਾਲਿਆਂ ਅਨੁਸਾਰ, 20 ਅਕਤੂਬਰ 1656 ਈਸਵੀ ਨੂੰ ਹਕੀਮਪੁਰ ਨਿਵਾਸੀ, ਭਾਈ ਸੁਹਾਵਾ ਜੀ ਅਤੇ ਸੰਗਤਾਂ ਦੀ ਬੇਨਤੀ ਪਰਵਾਨ ਕਰਕੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਆਪਣੇ ਮੁਬਾਰਕ ਚਰਨ ਪਾਏ। (ਗੁਰਦੁਆਰਾ ਦਰਸ਼ਨ) ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਇਸ ਪਾਵਨ ਅਸਥਾਨ ਤੇ ਇਤਿਹਾਸ ਦੇ ਹਵਾਲੇ ਦੱਸਦੇ ਹਨ ਕਿ 14 ਮਹੀਨੇ 19 ਦਿਨ ਵਿਸ਼ਰਾਮ ਕਰਕੇ ਸੰਗਤਾਂ ਨੂੰ ਤਾਰਿਆ। ਇਸੇ ਹੀ ਤਰ੍ਹਾਂ ਇਤਿਹਾਸਕ ਸਰੋਤਾਂ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਕ ਨਵਾਂ ਨਗਰ ਚੱਕ ਨਾਨਕੀ (ਸ੍ਰੀ ਅਨੰਦਪੁਰ ਸਾਹਿਬ) ਸਥਾਪਤ ਕਰਨ ਤੋਂ ਪਹਿਲਾਂ “ਪ੍ਰਗਟ ਭਏ ਗੁਰ ਤੇਗ ਬਹਾਦਰ” ਪਾਵਨ ਅਸਥਾਨ ਬਾਬਾ ਬਕਾਲਾ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਕੇ ਸ੍ਰੀ ਤਰਨ ਤਾਰਨ ਸਾਹਿਬ , ਸ੍ਰੀ ਗੋਇੰਦਵਾਲ ਸਾਹਿਬ, ਸੁਲਤਾਨਪੁਰ ਲੋਧੀ, ਜਲੰਧਰ ਪਿੰਡ ਹਜ਼ਾਰਾ, ਸਿਰਹਾਲਾ ਰਾਣੂਆਂ, ਦਰਗਾਪੁਰ ਜੀਦੋਂਵਾਲ ਇਤਿ ਆਦਿਕ ਅਨੇਕਾਂ ਅਸਥਾਨਾਂ ਤੋਂ ਹੁੰਦੇ ਗਏ, 15 ਜੂਨ 1665 ਈਸਵੀ ਨੂੰ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਭਾਈ ਮੱਖਣ ਸ਼ਾਹ ਲੁਬਾਣਾ, ਮਾਮਾ ਕ੍ਰਿਪਾਲ ਚੰਦ ਜੀ, ਦਵਾਰਕਾ ਦਾਸ ਜੀ ਅਤੇ ਭਾਈ ਦਰਗਾਹ ਮੱਲ ਜੀ ਇਤ ਆਦਿ ਸੇਵਕਾਂ ਸਹਿਤ ਇਸ ਧਰਤੀ ਨੂੰ ਭਾਗ ਲਾਏ। ਸਤਿਗੁਰੂ ਜੀ ਨੇ ਇਸ ਅਸਥਾਨ ਤੇ ਕੁਝ ਸਮਾਂ ਟਿਕਾਣਾ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਕਰ ਇਸ ਅਸਥਾਨ ਤੋਂ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਜਾਣ ਲਈ ਚਾਲੇ ਪਾਉਣੇ ਕੀਤੇ। ਚਾਰ ਗੁਰੂ ਸਹਿਬਾਨ ਜੀ ਦੇ ਪਵਿੱਤਰ ਪਾਵਨ ਚਰਨਾਂ ਦੀ ਛੋਹ ਨਾਲ ਨਵਾਜਿਆ ਇਹ ਇਤਿਹਾਸਕ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਛਾਉਣੀ ਨਿਹੰਗ ਸਿੰਘਾਂ ਦੀ ਸਿੱਖ ਇਤਿਹਾਸ ਵਿਚ ਪ੍ਰਭਾਵਸ਼ਾਲੀ ਵਿਸ਼ੇਸ਼ ਮਹੱਤਤਾ ਹੈ। ਇਸ ਗੁਰਦੁਆਰਾ ਸਾਹਿਬ ਜੀ ਦੀ ਪਹਿਲੀ ਇਮਾਰਤ ਕਾਫੀ ਪੁਰਾਣੀ ਅਤੇ ਬਹੁਤ ਛੋਟੀ ਸੀ। ਜੱਥੇਬੰਦੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪੁਰਾਣੀ ਇਮਾਰਤ ਨੂੰ ਸਮਾਪਤ ਕਰਕੇ 20 ਨਵੰਬਰ 1974 ਈਸਵੀ ਨੂੰ ਨਵੀਂ ਇਮਾਰਤ ਦਾ ਨੀਂਹ ਪੱਥਰ ਜ਼ਿੰਦਾ ਸ਼ਹੀਦ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ, ਮੁਖੀ ਜੱਥੇਦਾਰ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਨੇ ਪੰਜਾਂ ਪਿਆਰਿਆਂ ਸਹਿਤ ਆਪਣੇ ਕਰ ਕਮਲਾਂ ਨਾਲ ਰੱਖ ਕੇ 5 ਜਨਵਰੀ 1975 ਨੂੰ ਬਹੁਤ ਹੀ ਸੁੰਦਰ ਆਲੀਸ਼ਾਨ ਇਮਾਰਤ ਦੀ ਉਸਾਰੀ ਕਰਵਾਈ। ਇਸ ਦੇ ਸਾਥ, ਆਕਾਸ਼ ਨੂੰ ਛੂੰਹਦਾ 1975 ਈ ਨੂੰ 125 ਫੁੱਟ ਨੀਲਾ ਨਿਸ਼ਾਨ ਸਾਹਿਬ ਝੁਲਾਇਆ ਅਤੇ ਪਾਵਨ ਤੀਰਥ ਸਰੋਵਰ ਸੰਗਤਾਂ ਦੇ ਇਸ਼ਨਾਨ ਲਈ ਬਣਾਇਆ। ਇਸ ਦੇ ਨਾਲ ਹੀ ਲੰਗਰ ਹਾਲ ਤੇ ਬਹੁਤ ਸਾਰੇ ਕਮਰੇ ਵੀ ਬਾਬਾ ਜੀ ਨੇ ਤਿਆਰ ਕਰਵਾਏ। 2 ਅਗਸਤ 1974 ਤੱਕ ਇਸ ਗੁਰਦੁਆਰਾ ਸਾਹਿਬ ਜੀ ਦਾ ਪ੍ਰਬੰਧ ਬਹੁਤ ਸਮਾਂ, ਪਿਤਾ ਪੁਰਖੀ ਮਹੰਤਾਂ ਪਾਸ ਹੀ ਰਿਹਾ ਜਿਸ ਪੜਕੇ ਇਹ ਪੁਜਾਰੀ ਮਰਯਾਦਾ ਅਨੁਸਾਰ ਸੇਵਾ ਨਾ ਕਰ ਕੇ ਮਨਮਤੀਆਂ ਅਤੇ ਪੁਰਾਤਨ ਬਣਾਏ ਸਰੋਵਰ ਦੀ ਘੋਰ ਬੇਅਦਬੀ ਕਰਨੇ ਕਰਕੇ ਨਗਰ ਅਤੇ ਇਲਾਕਾ ਨਿਵਾਸੀ ਸੰਗਤਾਂ ਨੇ ਇਸ ਗੁਰਦੁਆਰਾ ਸਾਹਿਬ ਦੀ ਮਾਣ ਮਰਯਾਦਾ ਅਤੇ ਮਹੱਤਤਾ ਨੂੰ ਮੁੱਖ ਰਖਦਿਆਂ ਸੇਵਾ ਸੰਭਾਲ ਅਤੇ ਸਦਾ ਲਈ ਪ੍ਰਬੰਧ, ਪੰਥਕ ਸਰੋਮਣੀ ਜਥੇਬੰਦੀ, ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਦੇ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਨੂੰ ਲਿਖਤੀ ਰੂਪ ਵਿਚ ਸੰਗਤਾਂ ਦੇ ਭਾਰੀ ਇਕੱਠ ਵਿਚ 1 ਸਤੰਬਰ 1974 ਈ ਦਿਨ ਐਤਵਾਰ ਪੂਰਨਮਾਸ਼ੀ ਦੇ ਪਵਿੱਤਰ ਦਿਹਾੜੇ ਸਦਾ ਲਈ ਸੌਂਪ ਦਿੱਤਾ। ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਦੀ ਵਾਲਿਆਂ ਦੀ ਅਗਵਾਈ ਵਿਚ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ ਦਾ ਅਸਥਾਪਨਾ ਦਿਨ ਜੋੜ ਮੇਲੇ ਦੇ ਰੂਪ ਵਿਚ, 18 ਸਤੰਬਰ ਦੀ ਪੂਰਨਮਾਸ਼ੀ ਨੂੰ ਬੜੇ ਸਤਿਕਾਰ ਤੇ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ।