ਮੁਕਤਸਰ ਦੇ ਪਿੰਡ ਦੋਦਾ ਵਿਚ ਟਰਾਂਸਫਾਰਮਰ ਵਿਚ ਕਰੰਟ ਲੱਗ ਜਾਣ ਕਾਰਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਗਗਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਤੀ ਝੋਨੇ ਦੀ ਫਸਲ ਦੀ ਸਿੰਚਾਈ ਕਰ ਰਹੇ ਸਨ ਕਿ ਉਦੋਂ ਅਚਾਨਕ ਖੇਤ ਵਿਚ ਚੱਲ ਰਹੇ ਪਾਣੀ ਦੀ ਮੋਟਰ ਟਰਾਂਸਫਾਰਮ ਦੇ ਖਰਾਬ ਹੋਣ ਕਾਰਨ ਬੰਦ ਹੋ ਗਈ।

ਜਦੋਂ ਉਸ ਦਾ ਪਤੀ ਟਰਾਂਸਫਾਰਮਰ ‘ਤੇ ਬਿਜਲੀ ਠੀਕ ਕਰ ਰਿਹਾ ਸੀ ਤਾਂ ਅਚਾਨਕ ਉਸ ਨੂੰ ਕਰੰਟ ਲੱਗ ਗਿਆ ਜਿਸ ਨਾਲ ਆਸ-ਪਾਸ ਦੇ ਖੇਤਾਂ ਵਿਚ ਕੰਮ ਕਰ ਰਹੇ ਕਿਸਾਨਾਂ ਨੇ ਉਸ ਨੂੰ ਤੁਰੰਤ ਦੋਦਾ ਸਿਵਲ ਹਸਪਤਾਲ ਪਹੁੰਚਾਇਆ, ਜਿਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਇਲਾਜ ਲਈ ਪਹਿਲਾਂ ਬਠਿੰਡਾ ਤੇ ਫਿਰ ਲੁਧਿਆਣਾ ਰੈਫਰ ਕਰਦਿੱਤਾ ਗਿਆ।
ਪਰ ਉਸ ਦੀ ਜਾਨ ਨਹੀਂ ਬਚ ਸਕੀ। ਲੁਧਿਆਣਾ ਵਿਚ ਡਾਕਟਰਾਂ ਨੇ ਗੁਰਮੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਚੌਕੀ ਦੋਦਾ ਵੱਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।