ਯੂ.ਪੀ ਦੇ ਸੀਤਾਪੁਰ ਵਿਚ, ਇਕ ਮਾਸੂਮ ਧੀ ਦਾ ਉਸ ਦੇ ਅਪਣੇ ਪਿਤਾ ਨੇ ਕਤਲ ਕਰ ਦਿਤਾ ਤੇ ਫਿਰ ਖ਼ੁਦ ਪੁਲਿਸ ਸਟੇਸ਼ਨ ਜਾ ਕੇ ਅਪਣੀ ਧੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਜਦੋਂ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਪਿਤਾ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦਸਿਆ ਕਿ ਗੁਆਂਢੀਆਂ ਨਾਲ ਲੜਾਈ ਤੋਂ ਬਾਅਦ ਵੀ ਧੀ ਉਸ ਦੇ ਘਰ ਖੇਡਣ ਗਈ ਸੀ, ਇਸ ਲਈ ਉਸ ਨੇ ਗੁੱਸੇ ਵਿਚ ਉਸ ਨੂੰ ਮਾਰ ਦਿਤਾ।
ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਵਿਚ, 5 ਸਾਲਾ ਧੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਵਾਲੇ ਪਿਤਾ ਨੂੰ ਉਸ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੇ ਅਨੁਸਾਰ, ਮੁਲਜ਼ਮ ਮੋਹਿਤ ਮਿਸ਼ਰਾ (40) ਨੇ 25 ਫ਼ਰਵਰੀ ਨੂੰ ਰਾਮਪੁਰ ਮਥੁਰਾ ਪੁਲਿਸ ਸਟੇਸ਼ਨ ਵਿਚ ਅਪਣੀ ਧੀ ਤਾਨੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਜਾਣਕਾਰੀ ਅਨੁਸਾਰ, ਅਗਲੇ ਦਿਨ, 26 ਫ਼ਰਵਰੀ ਨੂੰ, ਜਦੋਂ ਇਕ ਕੁੜੀ ਦੀ ਕੱਟੀ ਹੋਈ ਲੱਤ ਅਤੇ ਸਰੀਰ ਦੇ ਹੋਰ ਅੰਗ ਸਰ੍ਹੋਂ ਦੇ ਖੇਤ ਵਿਚੋਂ ਮਿਲੇ ਤਾਂ ਹੰਗਾਮਾ ਮਚ ਗਿਆ। ਪੁਲਿਸ ਨੇ ਤੁਰਤ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਪਾਇਆ ਕਿ ਲਾਸ਼ ਤਾਨੀ ਦੀ ਹੀ ਸੀ।
ਜਾਂਚ ਤੋਂ ਪਤਾ ਲੱਗਾ ਕਿ ਮਿਸ਼ਰਾ ਨੇ ਅਪਣੀ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ ਸੀ ਅਤੇ ਫਿਰ ਲਾਸ਼ ਨੂੰ ਚਾਰ ਹਿੱਸਿਆਂ ‘ਚ ਬੇਰਿਹਮੀ ਨਾਲ ਕੱਟ ਕੇ ਪਿੰਡ ਦੇ ਬਾਹਰ ਸੁੱਟ ਦਿਤਾ ਸੀ। ਬਾਅਦ ਵਿਚ, ਜੰਗਲੀ ਜਾਨਵਰਾਂ ਨੇ ਉਸ ਦੇ ਸਰੀਰ ਨੂੰ ਵਿਗਾੜ ਦਿਤਾ।
ਪੋਸਟਮਾਰਟਮ ਰਿਪੋਰਟ ਵਿਚ ਵੀ ਪੁਸ਼ਟੀ ਹੋਈ ਹੈ ਕਿ ਲੜਕੀ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਸੀ। ਇਸ ਤੋਂ ਬਾਅਦ, ਰਾਮਪੁਰ ਮਥੁਰਾ ਪੁਲਿਸ ਅਤੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਨੇ ਮਿਲ ਕੇ ਅਪਣੀ ਜਾਂਚ ਤੇਜ਼ ਕਰ ਦਿਤੀ ਅਤੇ ਮਿਸ਼ਰਾ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਉਸ ਨੇ ਅਪਣਾ ਅਪਰਾਧ ਕਬੂਲ ਕਰ ਲਿਆ ਹੈ।
ਪੁਲਿਸ ਅਨੁਸਾਰ, ਮੋਹਿਤ ਮਿਸ਼ਰਾ ਨੇ ਖ਼ੁਲਾਸਾ ਕੀਤਾ ਕਿ ਉਸ ਦਾ ਅਪਣੇ ਗੁਆਂਢੀ ਰਾਮੂ ਨਾਲ ਝਗੜਾ ਹੋ ਰਿਹਾ ਸੀ ਅਤੇ ਉਸ ਨੇ ਅਪਣੇ ਬੱਚਿਆਂ ਨੂੰ ਰਾਮੂ ਦੇ ਘਰ ਜਾਣ ਤੋਂ ਮਨ੍ਹਾ ਕੀਤਾ ਸੀ, ਪਰ ਤਾਨੀ ਨੇ ਉਸ ਦੀ ਗੱਲ ਨਹੀਂ ਮੰਨੀ ਅਤੇ ਉਹ ਖੇਡਣ ਲਈ ਗੁਆਂਢੀ ਦੇ ਘਰ ਚਲੀ ਗਈ।
25 ਫ਼ਰਵਰੀ ਦੀ ਸ਼ਾਮ ਨੂੰ, ਜਦੋਂ ਮਿਸ਼ਰਾ ਅਪਣੀ ਮੋਟਰਸਾਈਕਲ ‘ਤੇ ਘਰੋਂ ਬਾਹਰ ਜਾ ਰਿਹਾ ਸੀ, ਤਾਂ ਉਸ ਨੇ ਤਾਨੀ ਨੂੰ ਦੁਬਾਰਾ ਗੁਆਂਢੀ ਦੇ ਘਰ ਜਾਂਦੇ ਦੇਖਿਆ। ਗੁੱਸੇ ਵਿਚ, ਉਹ ਉਸ ਨੂੰ ਅਪਣੇ ਮੋਟਰਸਾਈਕਲ ‘ਤੇ ਪਿੰਡ ਦੇ ਬਾਹਰ ਇਕ ਸੁੰਨਸਾਨ ਜਗ੍ਹਾ ‘ਤੇ ਲੈ ਗਿਆ ਅਤੇ ਉਥੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ। ਕਤਲ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ।
ਪੁਲਿਸ ਨੇ ਦਸਿਆ ਕਿ ਘਟਨਾ ਤੋਂ ਬਾਅਦ, ਗ੍ਰਿਫ਼ਤਾਰੀ ਦੇ ਡਰੋਂ, ਮਿਸ਼ਰਾ ਅਪਣਾ ਮੋਬਾਈਲ ਫ਼ੋਨ ਘਰ ਛੱਡ ਗਿਆ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਕੁੱਝ ਦਿਨਾਂ ਤਕ ਲੁਕਿਆ ਰਿਹਾ। ਬਾਅਦ ਵਿਚ ਉਹ ਘਰ ਵਾਪਸ ਆ ਗਿਆ, ਪਰ ਅਪਣੀ ਧੀ ਬਾਰੇ ਸਵਾਲਾਂ ਤੋਂ ਬਚਿਆ। ਉਸ ਦੀਆਂ ਹਰਕਤਾਂ ਨੇ ਪੁਲਿਸ ਦਾ ਸ਼ੱਕ ਜਗ੍ਹਾ ਦਿਤਾ ਅਤੇ ਜਦੋਂ ਜਾਂਚ ਨੂੰ ਹੋਰ ਡੂੰਘਾਈ ਨਾਲ ਲਿਆ ਗਿਆ ਤਾਂ ਉਸ ਨੇ ਅਪਰਾਧ ਕਬੂਲ ਕਰ ਲਿਆ। ਪੁਲਿਸ ਨੇ ਮੋਹਿਤ ਮਿਸ਼ਰਾ ਵਿਰੁਧ ਭਾਰਤੀ ਦੰਡਾਵਲੀ (ਬੀਐਨਐਸ) ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਜੇਲ ਭੇਜ ਦਿਤਾ ਹੈ।