ਦਿੱਲੀ ਵਿਚ ਪਾਣੀ ਦਾ ਸੰਕਟ ਦਿਨੋ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ, ਇਹ ਮੁੱਦਾ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਰਬਾਰ ਵਿਚ ਪਹੁੰਚ ਗਿਆ ਹੈ। ਦਿੱਲੀ ਦੇ ਚਾਰ ਕੈਬਨਿਟ ਮੰਤਰੀਆਂ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਇਸ ਸਮੱਸਿਆ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ। ਦਿੱਲੀ ਦੇ ਮੰਤਰੀਆਂ- ਗੋਪਾਲ ਰਾਏ, ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ ਅਤੇ ਇਮਰਾਨ ਹੁਸੈਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪਹਿਲ ਦੇ ਆਧਾਰ ‘ਤੇ ਹਰਿਆਣਾ ਤੋਂ ਦਿੱਲੀ ਦੇ ਹਿੱਸੇ ਦਾ 100 ਐਮਜੀਡੀ ਪਾਣੀ ਦਿਵਾਉਣ ਦੀ ਅਪੀਲ ਕੀਤੀ ਹੈ।
‘ਆਪ’ ਸਰਕਾਰ ਦੇ ਮੰਤਰੀਆਂ ਨੇ ਪੱਤਰ ‘ਚ ਲਿਖਿਆ ਕਿ ‘ਇਸ ਸਾਲ ਸਖ਼ਤ ਗਰਮੀ ਕਾਰਨ ਦਿੱਲੀ ‘ਚ ਪਾਣੀ ਦਾ ਵੱਡਾ ਸੰਕਟ ਪੈਦਾ ਹੋ ਗਿਆ ਹੈ। ਦਿੱਲੀ ਵਿਚ ਪਿਛਲੇ ਇੱਕ ਦਹਾਕੇ ਵਿਚ ਵੀ ਅਜਿਹੀ ਗਰਮੀ ਨਹੀਂ ਪਈ, ਜਿਸ ਕਾਰਨ ਦਿੱਲੀ ਦੇ ਲੋਕ ਪਾਣੀ ਦੀ ਇੱਕ-ਇੱਕ ਬੂੰਦ ਨੂੰ ਤਰਸ ਰਹੇ ਹਨ। ਇਸ ਤਪਦੀ ਗਰਮੀ ਵਿਚ ਦਿੱਲੀ ਵਾਸੀਆਂ ਦੀ ਪਾਣੀ ਦੀ ਲੋੜ ਵੀ ਵੱਧ ਗਈ ਹੈ। ਅਜਿਹੇ ਸਮੇਂ ਦਿੱਲੀ ਨੂੰ ਵਾਧੂ ਪਾਣੀ ਦੀ ਲੋੜ ਹੈ।
ਦਿੱਲੀ ਪਾਣੀ ਲਈ ਪੂਰੀ ਤਰ੍ਹਾਂ ਹਰਿਆਣਾ ਅਤੇ ਉੱਤਰ ਪ੍ਰਦੇਸ਼ ‘ਤੇ ਨਿਰਭਰ ਹੈ। ਮੰਦਭਾਗੀ ਗੱਲ ਇਹ ਹੈ ਕਿ ਦਿੱਲੀ ਵਾਸੀਆਂ ਨੂੰ ਵੱਡੀ ਮਾਤਰਾ ‘ਚ ਪਾਣੀ ਮਿਲਣਾ ਤਾਂ ਦੂਰ, ਹਰਿਆਣਾ ਤੋਂ ਸਾਨੂੰ ਆਪਣਾ ਅਲਾਟ ਹੋਇਆ ਪਾਣੀ ਵੀ ਨਹੀਂ ਮਿਲ ਰਿਹਾ। ਮੰਤਰੀਆਂ ਨੇ ਪੱਤਰ ਵਿਚ ਕਿਹਾ ਹੈ ਕਿ “ਦਿੱਲੀ ਵਿਚ ਕੁੱਲ ਪਾਣੀ ਦੀ ਸਪਲਾਈ 1005 ਐਮ.ਜੀ.ਡੀ. ਹੈ। ਇਸ ਦਾ ਵੱਡਾ ਹਿੱਸਾ 613 ਐਮਜੀਡੀ ਪਾਣੀ ਹਰਿਆਣਾ ਤੋਂ ਆਉਂਦਾ ਹੈ। ਪਿਛਲੇ ਕਈ ਹਫ਼ਤਿਆਂ ਤੋਂ ਹਰਿਆਣਾ ਤੋਂ ਆ ਰਹੇ ਪਾਣੀ ਵਿਚ ਕਮੀ ਆਈ ਹੈ। ਕਈ ਦਿਨਾਂ ਤੋਂ, ਦਿੱਲੀ ਨੂੰ 100 ਐਮਜੀਡੀ ਪਾਣੀ ਘੱਟ ਮਿਲ ਰਿਹਾ ਹੈ, ਦਿੱਲੀ ਵਿੱਚ, 1 ਐਮਜੀਡੀ ਪਾਣੀ ਇੱਕ ਦਿਨ ਵਿੱਚ ਲਗਭਗ 28,500 ਲੋਕਾਂ ਦੀ ਜ਼ਰੂਰਤ ਪੂਰੀ ਕਰਦਾ ਹੈ।