ਕਪੂਰਥਲਾ ਦੇ ਪਿੰਡ ਬਿਧੀਪੁਰ ‘ਚ 22 ਸਾਲਾ ਵਿਆਹੁਤਾ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੇਕੇ ਪ੍ਰਵਾਰ ਨੇ ਸਹੁਰੇ ਵਾਲਿਆਂ ‘ਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ‘ਤੇ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਪਤੀ, ਸੱਸ ਅਤੇ ਸਹੁਰੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਫਾਹੇ ਲਈ ਵਰਤਿਆ ਪਰਨਾ ਵੀ ਬਰਾਮਦ ਕਰ ਲਿਆ ਹੈ।
ਮ੍ਰਿਤਕ ਦੀ ਪਛਾਣ ਕਾਜਲ (22) ਵਾਸੀ ਬਿਧੀਪੁਰ ਤਲਵੰਡੀ ਚੌਧਰੀਆਂ ਵਜੋਂ ਹੋਈ ਹੈ। ਉਸ ਦੀ ਮਾਤਾ ਜਸਵਿੰਦਰ ਕੌਰ ਵਾਸੀ ਬੁਤਾਲਾ ਢਿਲਵਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣੀ ਲੜਕੀ ਕਾਜਲ ਦਾ ਵਿਆਹ ਤਿੰਨ ਸਾਲ ਪਹਿਲਾਂ ਪਿੰਡ ਬਿਧੀਪੁਰ ਵਾਸੀ ਲਖਵਿੰਦਰ ਨਾਲ ਬੜੀ ਧੂਮ ਧਾਮ ਨਾਲ ਕੀਤਾ ਸੀ। ਉਸ ਨੇ ਆਪਣੀ ਹੈਸੀਅਤ ਅਨੁਸਾਰ ਆਪਣੀ ਧੀ ਨੂੰ ਦਾਜ ਦਿਤਾ।
ਜਸਵਿੰਦਰ ਕੌਰ ਨੇ ਦੋਸ਼ ਲਾਇਆ ਕਿ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਪਤੀ ਲਖਵਿੰਦਰ, ਸੱਸ ਪਰਮਜੀਤ ਕੌਰ ਅਤੇ ਸਹੁਰਾ ਬਲਵਿੰਦਰ ਸਿੰਘ ਨੇ ਧੀ ਕਾਜਲ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਹ ਸਿਲਸਿਲਾ ਪਿਛਲੇ 3 ਸਾਲਾਂ ਤੋਂ ਚੱਲ ਰਿਹਾ ਸੀ। ਪਹਿਲਾਂ ਵੀ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਪਰ ਸਮਝੌਤਾ ਹੋਣ ਤੋਂ ਬਾਅਦ ਹਰ ਕੋਈ ਕਾਜਲ ਨੂੰ ਪ੍ਰੇਸ਼ਾਨ ਕਰਨ ਲੱਗਾ। ਉਸ ਦੀ ਧੀ ਦੇ ਵਿਆਹ ਤੋਂ ਬਾਅਦ ਕੋਈ ਔਲਾਦ ਨਹੀਂ ਹੈ। ਇਸ ਲਈ ਉਸ ਨੂੰ ਤਾਅਨਾ ਮਾਰਦੇ ਸਨ।
ਸੋਮਵਾਰ ਸ਼ਾਮ ਨੂੰ ਵੀ ਪੂਰੇ ਪਰਿਵਾਰ ਨੇ ਮਿਲ ਕੇ ਕਾਜਲ ਨੂੰ ਪਰੇਸ਼ਾਨ ਕੀਤਾ। ਜਿਸ ਕਾਰਨ ਉਸ ਨੇ ਤੰਗ ਆ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਆਪਣੀ ਧੀ ਵਲੋਂ ਫਾਹਾ ਲੈਣ ਦੀ ਸੂਚਨਾ ਨਹੀਂ ਦਿੱਤੀ ਪਰ ਪਿੰਡ ਦੇ ਸਰਪੰਚ ਨੇ ਫੋਨ ਕਰਕੇ ਉਸ ਨੂੰ ਦੱਸਿਆ ਕਿ ਉਸ ਦੀ ਲੜਕੀ ਨੇ ਫਾਹਾ ਲੈ ਲਿਆ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਦੀ ਲੜਕੀ ਦੀ ਲਾਸ਼ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾਘਰ ‘ਚ ਪਈ ਸੀ।