ਫਿਰੋਜਪੁਰ ( ਜਤਿੰਦਰ ਪਿੰਕਲ)
ਸਰਦ ਰੁੱਤ ਵਿਧਾਨ ਸਭਾ ਸੈਸ਼ਨ ਦੌਰਾਨ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਵੱਲੋਂ ਅਣਰਜਿਸਟਰਡ ਮੈਡੀਕਲ ਪੈ੍ਕਟੀਸ਼ਨਰਾਂ ( ਆਰ. ਐਮ. ਪੀ. ) ਦੀ ਮਾਨਤਾ ਦੀ ਮੰਗ ਨੂੰ ਵਿਧਾਨ ਸਭਾ ਵਿੱਚ ਉਠਾਉਣ ਲਈ ਸਮੂਹ ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਉਹਨਾਂ ਦਾ ਧੰਨਵਾਦ ਕਰਦੀ ਹੈ ।ਉਹਨਾਂ ਨਾਲ ਸੂਬਾ ਪ੍ਰੈਸ ਸਕੱਤਰ ਮਲਕੀਤ ਥਿੰਦ ਦੇ ਯਤਨਾਂ ਸਦਕਾ ਕਈ ਵਾਰ ਜ਼ਿਲ੍ਹਾ ਫਿਰੋਜ਼ਪੁਰ ਦੀ ਆਗੂ ਟੀਮ ਨਾਲ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਜ਼ਿਲ੍ਹਾ ਪ੍ਰਧਾਨ ਹਰਭਜਨ ਲਾਲ ਕੰਬੋਜ, ਸਕੱਤਰ ਰਾਕੇਸ਼ ਮਹਿਤਾ,ਵਾਇਸ ਪ੍ਰਧਾਨ ਕੁਲਦੀਪ ਸਿੰਘ ਕੈਲਾਸ਼ ਕੈਸ਼ੀਅਰ ਬਿਸ਼ਨ ਚੰਦ ਆਦਿ ਆਗੂਆਂ ਨੇ ਵਿਧਾਨ ਸਭਾ ਚੋਣਾਂ ਸਮੇਂ ਅਣਰਜਿਸਟਰਡ ਮੈਡੀਕਲ ਪੈ੍ਕਟੀਸ਼ਨਰਾਂ ਨਾਲ ਕੀਤਾ ਵਾਅਦਾ ਟ੍ਰੇਨਿੰਗ ਦੇ ਕੇ ਸਿਹਤ ਸੇਵਾਵਾਂ ਦੇਣ ਦੀ ਕਾਨੂੰਨੀ ਮਾਨਤਾ ਦੇਣ ਬਾਰੇ ਕਈ ਵਾਰ ਵਿਸਤਾਰ ਪੂਰਵਕ ਚਰਚਾ ਹੋਈ ਪਰ ਪਿਛਲੀਆਂ ਸਰਕਾਰਾਂ ਨੇ ਲਾਰਾ ਲਾ ਕੇ ਹੀ ਡੰਗ ਟਪਾਇਆ । ਕਰੋਨਾ ਸਮੇਂ , ਹੜਾਂ ਅਤੇ ਕੁਦਰਤੀ ਕਰੋਪੀਆਂ ਸਮੇਂ ਅਣਰਜਿਸਟਰਡ ਮੈਡੀਕਲ ਪੈ੍ਕਟੀਸ਼ਨਰਾਂ ਵੱਲੋਂ ਨਿਭਾਈਆਂ ਸੇਵਾਵਾਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ ।
ਆਰਥਿਕ ਤੰਗੀਆਂ ਦੇ ਸ਼ਿਕਾਰ ਵੱਡੀ ਗਿਣਤੀ ਲੋਕਾਂ ਨੂੰ 24ਘੰਟੇ , ਉਧਾਰੀਆਂ ਸੁਧਾਰੀਆਂ, ਅਤੇ ਸੌਖੀਆਂ ਸਿਹਤ ਸੇਵਾਵਾਂ ਦੇਣ ਦੇ ਨਾਲ ਨਾਲ ਸਵੈਰੁਜ਼ਗਾਰ ਵੀ ਵੱਡੀ ਗਿਣਤੀ ਵਿੱਚ ਮੈਡੀਕਲ ਪੈ੍ਕਟੀਸ਼ਨਰ ਚਲਾ ਰਹੇ ਹਨ । 2017 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਵੀ ਇਸ ਮਸਲੇ ਨੂੰ ਲੈ ਕੇ ਆਪ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਐਸੋਸੀਏਸ਼ਨ ਦੀ ਸੂਬਾ ਟੀਮ ਵਲੋਂ ਚੰਡੀਗੜ੍ਹ ਵਿਖੇ ਮਿਲ ਕੇ ਮਸਲੇ ਤੋਂ ਜਾਣੂ ਕਰਵਾਇਆ ਸੀ ਅਤੇ ਉਹਨਾਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਓਣ ਤੇ ਇਹ ਮਸਲਾ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਵਾਅਦਾ ਕੀਤਾ ਸੀ ।
ਹੁਣ ਪੰਜਾਬ ਵਿੱਚ “ਆਪ” ਦੀ ਸਰਕਾਰ ਆਉਣ ਤੇ ਪੰਜਾਬ ਭਰ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋੰ ਆਪਣੇ ਆਪਣੇ ਹਲਕਾ ਵਿਧਾਇਕਾਂ ਨੂੰ ਮਸਲੇ ਦੇ ਹੱਲ ਲਈ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ।
ਐਸੋਸੀਏਸ਼ਨ ਦੇ ਸੂਬਾ ਆਗੂਆਂ ਨੇ ਮੁਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਜੀ ਤੋਂ ਪੁਰਜ਼ੋਰ ਮੰਗ ਕੀਤੀ ਕਿ ਓਹ ਜਲਦੀ ਤੋਂ ਜਲਦੀ ਸਰਕਾਰੀ ਤੌਰ ਤੇ ਟਰੇਨਿੰਗ ਦੇਕੇ ਉਹਨਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਦੀ ਕਨੂੰਨੀ ਮਾਨਤਾ ਦੇਕੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਇਹ ਮਸਲਾ ਹੱਲ ਕਰਨ ।