Skip to content
ਖੰਨਾ ‘ਚ ਬੀਤੀ ਸ਼ਾਮ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਗੋਲਗੱਪੇ ਖਾਣ ਜਾ ਰਹੇ ਮਾਂ-ਪੁੱਤ ਟ੍ਰੇਨ ਦੀ ਲਪੇਟ ਵਿਚ ਆ ਗਏ। ਹਾਦਸੇ ਵਿਚ ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਮਾਂ ਦੀ ਹਾਲਤ ਗੰਭੀਰ ਹੈ। ਹਾਦਸਾ ਲਲਹੇੜੀ ਰੋਡ ਰੇਲਵੇ ਫ਼ਲਾਈਓਵਰ ਨੇੜੇ ਵਾਪਰਿਆ। ਮ੍ਰਿਤਕ ਦੀ ਪਛਾਣ ਕਰਨ (24) ਵਾਸੀ ਨੰਦੀ ਕਲੋਨੀ ਖੰਨਾ ਵਜੋਂ ਹੋਈ ਹੈ, ਜਦਕਿ ਗੰਭੀਰ ਜ਼ਖ਼ਮੀ ਮਾਂ ਦੀ ਪਛਾਣ ਕੁਲਵਿੰਦਰ ਕੌਰ ਪਤਨੀ ਰੰਜੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।
ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ। ਬੀਤੀ ਰਾਤ ਉਹ ਆਪਣੇ ਬੇਟੇ ਨਾਲ ਆਪਣੇ ਖੂਨ ਦਾ ਨਮੂਨਾ ਲੈਣ ਲਈ ਇਕ ਨਿੱਜੀ ਹਸਪਤਾਲ ਆਈ ਸੀ। ਹਸਪਤਾਲ ਵਿੱਚ ਸੈਂਪਲ ਦੀ ਰਿਪੋਰਟ ਸਬੰਧੀ ਜਦੋਂ ਸਟਾਫ਼ ਨੇ ਕੁਝ ਸਮੇਂ ਵਿੱਚ ਦੇਣ ਲਈ ਕਿਹਾ ਤਾਂ ਮਾਂ-ਪੁੱਤ ਨੇੜਲੀ ਰੇਲਵੇ ਲਾਈਨ ਪਾਰ ਕਰਕੇ ਗੋਲਗੱਪਾ ਖਾਣ ਲਈ ਨਿਕਲ ਗਏ। ਜਿਵੇਂ ਹੀ ਮਾਂ-ਪੁੱਤ ਰੇਲਵੇ ਲਾਈਨ ਪਾਰ ਕਰਨ ਲੱਗੇ ਤਾਂ ਦੋਵਾਂ ਨੂੰ ਦਿੱਲੀ ਵਾਲੇ ਪਾਸੇ ਤੋਂ ਲੁਧਿਆਣਾ ਵੱਲ ਆ ਰਹੀ ਤੇਜ਼ ਰਫ਼ਤਾਰ ਟਰੇਨ ਨੇ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਂ-ਪੁੱਤ ਦੋਵੇਂ ਕਾਫੀ ਦੂਰ ਜਾ ਡਿੱਗੇ, ਹਾਦਸੇ ‘ਚ ਬੇਟੇ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਮਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਲੜਕੇ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਔਰਤ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਜਦੋਂ ਤੱਕ ਕਰਨ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਜਦਕਿ ਕੁਲਵਿੰਦਰ ਕੌਰ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ, ਜਿਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ।
Post Views: 2,092
Related