ਜ਼ਿਲ੍ਹਾ ਮਾਨਸਾ ਦੇ ਬੱਸ ਅੱਡੇ ਨੇੜੇ ਬੱਚੇ ਦੀ ਲਾਸ਼ ਮਿਲਣ ਦੇ ਮਾਮਲੇ ਵਿਚ ਅਹਿਮ ਖੁਲਾਸਾ ਹੋਇਆ ਹੈ। ਮ੍ਰਿਤਕ ਬੱਚੇ ਦੀ ਪਛਾਣ ਅਗਮਜੋਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਅਣਪਛਾਤੇ ਵਿਅਕਤੀ 8 ਸਾਲਾ ਗੁਰਸਿੱਖ ਬੱਚੇ ਦੀ ਲਾਸ਼ ਨੂੰ ਬੱਸ ਸਟੈਂਡ ਦੇ ਮੇਜ਼ ‘ਤੇ ਰੱਖ ਕੇ ਫਰਾਰ ਹੋ ਗਏ ਸਨ।
ਹੁਣ ਅਗਮਜੋਤ ਦੇ ਚਾਚਾ ਅਮਨਦੀਪ ਸਿੰਘ ਨੇ ਅਪਣੀ ਭਰਜਾਈ ਅਤੇ ਅਗਮਜੋਤ ਦੀ ਮਾਂ ਜੈਸਮੀਨ ਉਤੇ ਇਲਜ਼ਾਮ ਲਗਾਏ ਹਨ। ਇਸ ਮਗਰੋਂ ਪੁਲਿਸ ਨੇ ਮ੍ਰਿਤਕ ਬੱਚੇ ਦੀ ਮਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਪੁੱਛਗਿੱਛ ਸ਼ੁਰੂ ਕਰ ਦਿਤੀ ਹੈ।
ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਬਸ ਅੱਡੇ ਉਤੇ ਲਾਸ਼ ਪਈ ਦੇਖੀ ਤਾਂ ਉਸ ਨੂੰ ਲੱਗਿਆ ਕਿ ਇਹ ਉਸ ਦਾ ਭਤੀਜਾ ਅਗਮਜੋਤ ਹੈ ਪਰ ਜਦੋਂ ਉਸ ਨੇ ਅਪਣੀ ਭਰਜਾਈ ਨੂੰ ਫ਼ੋਨ ਕੀਤਾ ਤਾਂ ਉਸ ਨੇ ਦਸਿਆ ਕਿ ਅਗਮਜੋਤ ਅਪਣੇ ਨਾਨਕੇ ਗਿਆ ਹੋਇਆ ਹੈ।
ਘਟਨਾ ਰਾਤ 1 ਅਪ੍ਰੈਲ ਸਵੇਰੇ 11 ਵਜੇ ਦੀ ਦੱਸੀ ਜਾ ਰਹੀ ਹੈ। ਉਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਥੇ ਕੁੱਝ ਲੋਕ ਬੈਠੇ ਸਨ ਜਿਨ੍ਹਾਂ ਦੇ ਨਾਲ ਦੋ ਔਰਤਾਂ ਅਤੇ ਇਕ ਆਦਮੀ ਸੀ। ਉਸ ਦੇ ਸਾਹਮਣੇ ਮੇਜ਼ ਦੇ ਆਲੇ-ਦੁਆਲੇ ਕੋਈ ਨਹੀਂ ਸੀ। ਜਦੋਂ ਉਹ ਵਿਅਕਤੀ ਇਥੋਂ ਚਲੇ ਗਏ ਤਾਂ ਪਤਾ ਲੱਗਿਆ ਕਿ ਉਥੇ ਇਕ ਬੱਚੇ ਦੀ ਲਾਸ਼ ਪਈ ਸੀ।