ਹਰਿਆਣਾ ਦੇ ਹਿਸਾਰ ਦੇ ਹਾਂਸੀ ਵਿਚ ਪ੍ਰੇਮ ਵਿਆਹ (Love Marriage) ਕਰਵਾਉਣ ਵਾਲੇ ਜੋੜੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਮਾਮਲਾ ਕਥਿਤ ਤੌਰ ਉਤੇ ਆਨਰ ਕਿਲਿੰਗ ਦਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਸੋਮਵਾਰ ਸਵੇਰੇ ਨੌਂ ਵਜੇ ਦੀ ਹੈ ਅਤੇ ਜੋੜਾ ਪਾਰਕ ਵਿੱਚ ਬੈਠਾ ਸੀ। ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਹਾਸਲ ਕਰ ਲਈ ਹੈ।ਦਰਅਸਲ, ਸੋਮਵਾਰ ਸਵੇਰੇ ਪ੍ਰੇਮੀ ਜੋੜਾ ਹਾਂਸੀ ਦੇ ਲਾਲਾ ਹੁਕਮ ਚੰਦ ਜੈਨ ਪਾਰਕ ਵਿਚ ਬੈਠਾ ਸੀ। ਉਦੋਂ ਬਾਈਕ ਸਵਾਰ ਦੋ ਵਿਅਕਤੀਆਂ ਨੇ ਉਨ੍ਹਾਂ ਉਤੇ ਗੋਲੀਆਂ ਚਲਾ ਦਿੱਤੀਆਂ। 9.30 ਵਜੇ ਬਾਈਕ ਸਵਾਰ ਬਦਮਾਸ਼ਾਂ ਨੇ ਦੋਹਾਂ ‘ਤੇ 7 ਰਾਉਂਡ ਫਾਇਰ ਕੀਤੇ। ਦੋਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਿਸਾਰ ਜ਼ਿਲ੍ਹੇ ਦੇ ਪਿੰਡ ਬਡਾਲਾ ਦੇ ਰਹਿਣ ਵਾਲੇ ਲੜਕੇ ਤੇਜਵੀਰ ਦਾ ਵਿਆਹ ਹਾਂਸੀ ਦੇ ਸੁਲਤਾਨਪੁਰ ਪਿੰਡ ਦੀ ਮੀਨਾ ਨਾਲ ਹੋਇਆ ਸੀ। ਦੋ ਮਹੀਨੇ ਪਹਿਲਾਂ ਹੀ ਦੋਵਾਂ ਦਾ ਵਿਆਹ ਹੋਇਆ ਸੀ। ਤੇਜਵੀਰ ਨੋਇਡਾ ਵਿੱਚ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ।ਦੂਜੇ ਪਾਸੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨੌਜਵਾਨ ਬਾਈਕ ‘ਤੇ ਫਰਾਰ ਹੋ ਗਏ ਅਤੇ ਆਸ-ਪਾਸ ਦੇ ਲੋਕਾਂ ਨੇ ਇਸ ਕਤਲ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਦੋਵਾਂ ਬਦਮਾਸ਼ਾਂ ਦਾ ਪਿੱਛਾ ਵੀ ਕੀਤਾ, ਪਰ ਉਹ ਫਰਾਰ ਹੋ ਗਏ। ਦੂਜੇ ਪਾਸੇ ਸਵੇਰੇ ਪਾਰਕ ਵਿੱਚ ਸੈਰ ਕਰਨ ਲਈ ਆਉਣ ਵਾਲੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਧੀਰਜ ਕੁਮਾਰ ਮੌਕੇ ’ਤੇ ਪੁੱਜੇ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਪਾਰਕ ਵਿੱਚ ਲਾਸ਼ਾਂ ਨੇੜਿਓਂ 7 ਗੋਲੀਆਂ ਦੇ ਖੋਲ ਬਰਾਮਦ ਹੋਏ ਹਨ। ਹੁਣ ਪੁਲਿਸ ਨੇ ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ‘ਚ ਕੁਝ ਵੀ ਕਹਿਣ ਤੋਂ ਬਚ ਰਹੀ ਹੈ। ਪੁਲਿਸ ਨੇ ਕਤਲੇਆਮ ਤੋਂ ਬਾਅਦ ਪਾਰਕ ਨੂੰ ਖਾਲੀ ਕਰਵਾ ਲਿਆ ਹੈ। ਪਾਰਕ ਦੇ ਮੁੱਖ ਗੇਟ ’ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।ਡੀਐਸਪੀ ਧੀਰਜ ਕੁਮਾਰ ਨੇ ਦੱਸਿਆ ਕਿ ਦੋ ਜਣਿਆਂ ਦਾ ਕਤਲ ਹੋਇਆ ਹੈ। ਪੁਲਿਸ ਪ੍ਰੇਮ ਵਿਆਹ ਦੇ ਕੋਣ ਤੋਂ ਵੀ ਜਾਂਚ ਕਰ ਰਹੀ ਹੈ। ਪੁਲਿਸ ਲੜਕੇ ਦੇ ਪਰਿਵਾਰ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਡੀਐਸਪੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅਜੇ ਤੱਕ ਜ਼ਿਆਦਾ ਜਾਣਕਾਰੀ ਨਹੀਂ ਹੈ। ਡੀਐਸਪੀ ਨੇ ਦੱਸਿਆ ਕਿ ਅਜਿਹਾ ਲੱਗ ਰਿਹਾ ਹੈ ਕਿ ਦੋਵੇਂ ਵਿਆਹੇ ਹੋਏ ਹਨ। ਪਰ ਇਸ ਦੀ ਪੁਸ਼ਟੀ ਪਰਿਵਾਰ ਵਾਲੇ ਹੀ ਕਰਨਗੇ।