ਇੰਡੀਗੋ ਫਲਾਈਟ ‘ਚ ਯਾਤਰੀਆਂ ਵਲੋਂ ਹੰਗਾਮਾ ਕਰਨ ਅਤੇ ਚਾਲਕ ਦਲ ‘ਤੇ ਹਮਲਾ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਫਲਾਈਟ ‘ਚ ਦੇਰੀ ਤੋਂ ਨਾਰਾਜ਼ ਇਕ ਵਿਅਕਤੀ ਨੇ ਪਾਇਲਟ ‘ਤੇ ਹਮਲਾ ਕਰ ਦਿੱਤਾ। ਹੁਣ ਇਸ ਘਟਨਾ ਦੇ ਦੋਸ਼ੀ ਠਹਿਰਾਏ ਜਾ ਰਹੇ ਯਾਤਰੀ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।

    ਵਾਇਰਲ ਵੀਡੀਓ ਯਾਤਰੀ ਸੀਟ ਤੋਂ ਸ਼ੂਟ ਕੀਤਾ ਗਿਆ ਹੈ। ਦੇਖਿਆ ਜਾਵੇ ਤਾਂ ਪਾਇਲਟ ਅਤੇ ਹੋਰ ਚਾਲਕ ਦਲ ਦੇ ਮੈਂਬਰ ਖੜ੍ਹੇ ਹੋ ਕੇ ਕੁਝ ਐਲਾਨ ਕਰ ਰਹੇ ਹਨ। ਅਚਾਨਕ ਇਕ ਵਿਅਕਤੀ ਤੇਜ਼ ਦੌੜਦਾ ਆਉਂਦਾ ਹੈ ਅਤੇ ਪਾਇਲਟ ‘ਤੇ ਹਮਲਾ ਕਰ ਦਿੰਦਾ ਹੈ। ਇਸ ਘਟਨਾ ਤੋਂ ਬਾਅਦ ਫਲਾਈਟ ‘ਚ ਮੌਜੂਦ ਯਾਤਰੀਆਂ ਅਤੇ ਏਅਰ ਹੋਸਟੈੱਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂਕਿ ਜਿਸ ਪਾਇਲਟ ‘ਤੇ ਹਮਲਾ ਹੋਇਆ ਸੀ, ਉਹ ਅੰਦਰ ਚਲਾ ਗਿਆ।

    ਇਧਰ, ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਲੀ ਪੁਲਿਸ ਵੀ ਐਕਸ਼ਨ ਮੋਡ ਵਿੱਚ ਆ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

    ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਇੰਡੀਗੋ ਜਹਾਜ਼ ਦੀ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਕਿਸ ਜਹਾਜ਼ ਦਾ ਸੀ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਸ਼ੁਰੂਆਤੀ ਟੀਮ ਨੇ FDTL ਯਾਨੀ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ ਦਾ ਉਲੰਘਣਾ ਕੀਤੀ, ਜਿਸ ਕਾਰਨ ਜਹਾਜ਼ ‘ਚ ਨਵੇਂ ਪਾਇਲਟ ਆਏ ਅਤੇ ਐਲਾਨ ਕਰ ਰਹੇ ਸਨ। ਖਾਸ ਗੱਲ ਇਹ ਹੈ ਕਿ ਫਲਾਈਟ ‘ਚ ਕਾਫੀ ਦੇਰੀ ਹੋ ਚੁੱਕੀ ਸੀ।

    ਇਸ ਦੌਰਾਨ ਪੀਲੇ ਰੰਗ ਦੀ ਹੂਡੀ ਪਹਿਨੇ ਇਕ ਨੌਜਵਾਨ ਨੇ ਆ ਕੇ ਪਾਇਲਟ ‘ਤੇ ਹਮਲਾ ਕਰ ਦਿੱਤਾ। ਵਾਇਰਲ ਵੀਡੀਓ ‘ਚ ਸੁਣਿਆ ਜਾ ਸਕਦਾ ਹੈ ਕਿ ਉਸ ਨੂੰ ਕੁੱਟਣ ਵਾਲੇ ਵਿਅਕਤੀ ਅਤੇ ਏਅਰ ਹੋਸਟੈੱਸ ਵਿਚਾਲੇ ਬਹਿਸ ਹੋ ਗਈ ਸੀ। ਇਕ ਪਾਸੇ ਬੰਦਾ ਕਹਿ ਰਿਹਾ ਹੈ, ‘ਚਲਾਉਣਾ ਹੈ ਤਾਂ ਚਲਾਓ, ਨਹੀਂ ਚਲਾਉਣਾਤਾਂ ਨਾ ਚਲਾਓ ਖੋਲ੍ਹ ਗੇਟ…। ਅਸੀਂ ਇਥੇ ਕਿੰਨੀ ਦੇਰ ਦੇ ਬੈਠੇ ਹੋਏ ਹਾਂ।’ ਇੱਥੇ ਬਚਾਅ ਲਈ ਆਈ ਏਅਰ ਹੋਸਟੈੱਸ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ, ‘…ਤਾਂ ਤੁਸੀਂ ਅਜਿਹਾ ਨਹੀਂ ਕਰ ਸਕਦੇ।’