ਕਿਹਾ ਕਿ ਹਮੇਸ਼ਾ ਹਰ ਪੱਧਰ ’ਤੇ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਦਾ ਰਹਾਂਗਾ

    ਕਿਹਾਕਿ ਐਨ ਡੀ ਏ ਸਰਕਾਰ ਨੇ ਸਿੱਖ ਧਰਮ, ਇਤਿਹਾਸ, ਸਭਿਆਚਾਰ ਤੇ ਪੰਜਾਬੀ ਭਾਸ਼ਾ ਲਈ ਕੰਮ ਕੀਤਾ

    ਉੱਤਰਾਖੰਡ ਦੇ ਪੀਲੀਭੀਤ ਤੇ ਅਮਰੀਆ ਵਿਚ ਪ੍ਰਭਾਵਸ਼ਾਲੀ ਇਕੱਠਾਂ ਨੂੰ ਕੀਤਾ ਸੰਬੋਧਨ

    ਨਵੀਂ ਦਿੱਲੀ : ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਤਿੰਨ ਖੇਤੀ ਕਾਨੂੰਨ ਰੱਦ ਕਰ ਕੇ ਕਿਸਾਨੀ ਭਾਈਚਾਰੇ ਨੂੰ ਮਾਣ ਸਤਿਕਾਰ ਦਿੱਤਾ ਹੈ ਤੇ ਹੁਣ ਉਹਨਾਂ ਦੀ ਹਮਾਇਤ ਕਰਨ ਦੀ ਜ਼ਿੰਮੇਵਾਰੀ ਸਿੱਖ ਕੌਮ ਦੇ ਮੋਢਿਆਂ ’ਤੇ ਆ ਗਈ ਹੈ।

    ਅੱਜ ਉੱਤਰਾਖੰਡ ਦੇ ਪੀਲੀਭੀਤ ਤੇ ਅਮਰੀਆ ਵਿਚ ਪ੍ਰਭਾਵਸ਼ਾਲੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਤਿੰਨ ਖੇਤੀ ਕਾਨੂੰਨ ਰੱਦ ਹੋਣੇ ਸਿੱਖ ਕੌਮ ਲਈ ਵੱਡੀ ਪ੍ਰਾਪਤੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਨਾ ਸਿਰਫ ਤਿੰਨ ਖੇਤੀ ਕਾਨੂੰਨ ਖਾਰਜ ਕਰਨ ਦਾ ਐਲਾਨ ਕੀਤਾ ਬਲਕਿ ਸਿੱਖ ਕੌਮ ਤੋਂ ਮੁਆਫੀ ਵੀ ਮੰਗੀ। ਉਹਨਾਂ ਕਿਹਾ ਕਿ ਹੁਣ ਜਦੋਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਅਗਵਾਈ ਹੇਠ ਐਨ ਡੀ ਏ ਸਰਕਾਰ ਸਿੱਖ ਕੌਮ ਦੀ ਬੇਹਤਰੀ ਵਾਸਤੇ ਦਿਨ ਰਾਤ ਕੰਮ ਕਰ ਰਹੀ ਹੈ ਤੇ ਇਸਨੇ ਸਿੱਖ ਧਰਮ, ਇਤਿਹਾਸ, ਸਭਿਆਚਾਰ ਤੇ ਪੰਜਾਬੀ ਭਾਸ਼ਾ ਵਾਸਤੇ ਕਈ ਕਦਮ ਚੁੱਕੇ ਹਨ ਜੋ ਕੌਮ ਦੇ ਮੈਂਬਰਾਂ ਵਾਸਤੇ ਫਖ਼ਰ ਵਾਲੀ ਗੱਲ ਹੈ।

    ਉਹਨਾਂ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕੌਮ ਲਈ ਇੰਨਾ ਕੁਝ ਕੀਤਾ ਹੈ ਤਾਂ ਹੁਣ ਸਿੱਖ ਕੌਮ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮੋਦੀ ਸਰਕਾਰ ਦੀ ਦਿਲੋਂ ਹਮਾਇਤ ਕਰੇ।

    ਉਹਨਾਂ ਕਿਹਾਕਿ ਦੇਸ਼ ਦੇ ਲੋਕਾਂ ਦੇ ਸਾਹਮਣੇ ਹੈ ਕਿ ਇਕ ਪ੍ਰਧਾਨ ਮੰਤਰੀ ਨੇ 8 ਹਜ਼ਾਰ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਇਆ ਤੇ ਦੂਜੇ ਨੇ ਕੌਮ ਤੋਂ ਮੁਆਫੀ ਮੰਗੀ ਤਾਂ ਕੌਮ ਫੈਸਲਾ ਕਰੇ ਕਿ ਕਿਸਦੀ ਹਮਾਇਤ ਕਰਨੀ ਹੈ।

    ਭਾਜਪਾ ਦੇ ਕੌਮੀ ਜਨਰਲ ਸਕੱਤਰ ਨੇ ਸਿੱਖਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਕਜੁੱਟ ਹੋਣ ਤਾਂ ਜੋ ਦੇਸ਼ ਵਿਚ ਵੱਧ ਸਿਆਸੀ ਤਾਕਤ ਹਾਸਲ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਵੀ ਮੀਰੀ ਪੀਰੀ ਦਾ ਸਿਧਾਂਤ ਸਿੱਖਾਂ ਨੂੰ ਸਿਆਸੀ ਤੌਰ ’ਤੇ ਮਜ਼ਬੂਤ ਕਰਨ ਵਾਸਤੇ ਦਿੱਤਾ ਸੀ। ਉਹਨਾਂ ਕਿਹਾ ਕਿ ਕੌਮ ਨੂੰ ਇਕਜੁੱਟ ਹੋ ਕੇ ਪ੍ਰਧਾਨ ਮੰਤਰੀ ਮੋਦੀ ਦੀ ਹਮਾਇਤ ਕਰਨੀ ਚਾਹੀਦੀ ਹੈ ਤਾਂ ਜੋ ਦੇਸ਼ ਤੇ ਕੌਮ ਦੋਵੇਂ ਸ਼ਕਤੀਸ਼ਾਲੀ ਤੇ ਖੁਸ਼ਹਾਲ ਬਣ ਸਕਣ।

    ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਹਰ ਸਾਲ ਵੀਰ ਬਾਲ ਦਿਵਸ ਦੇਸ਼ ਵਿਚ ਤੇ ਵਿਦੇਸ਼ਾਂ ਵਿਚਲੇ ਭਾਰਤੀ ਦੂਤ ਘਰਾਂ ਵਿਚ ਮਨਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਦੁਨੀਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਉਹਨਾਂ ਕਿਹਾ ਕਿ ਹੁਣ ਹਰ ਧਰਮ ਤੇ ਹਰ ਨਸਲ ਦੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਇਤਿਹਾਸ ਪਤਾ ਲੱਗ ਰਿਹਾ ਹੈ।

    ਉਹਨਾਂ ਕਿਹਾ ਕਿ ਇਹੀ ਨਹੀਂ ਬਲਕਿ ਮੋਦੀ ਸਰਕਾਰ ਨੇ ਸਿੱਖ ਮਾਰਸ਼ਲ ਆਰਟ ਗੱਤਕਾ ਨੂੰ ਕੌਮੀ ਖੇਡਾਂ ਵਿਚ ਸ਼ਾਮਲ ਕੀਤਾ ਹੈ ਜਿਸਦੀ ਬਦੌਲਤ ਹੁਣ ਸਿੱਖ ਖਿਡਾਰੀਆਂ ਨੂੰ ਵੱਖ-ਵੱਖ ਸਰਕਾਰੀ ਨੌਕਰੀਆਂ ਤੇ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿਚ ਨੌਕਰੀਆਂ ਵਿਚ ਰਾਖਵਾਂਕਰਨ ਵੀ ਮਿਲੇਗਾ ਤੇ ਨਾਲ ਹੀ ਕੌਮੀ ਪੱਧਰ ’ਤੇ ਜੇਤੂਆਂ ਨੂੰ 6-6 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਮਿਲੇਗੀ।

    ਇਸ ਮੌਕੇ ਉੱਤਰਾਖੰਡ ਦੇ ਮੰਤਰੀ ਰਾਜਪਾਲ ਸਿੰਘ, ਸਾਬਕਾ ਮੰਤਰੀ ਤੇ ਵਿਧਾਇਕ ਛਤਰਪਾਲ ਗੰਗਵਾਲ, ਬਲਰਾਜ ਸਿੰਘ, ਜਸਵਿੰਦਰ ਸਿੰਘ, ਗੁਰਨਾਮ ਸਿੰਘ, ਬਲਵੰਤ ਸਿੰਘ, ਹਰਮੇਲ ਸਿੰਘ, ਕੁਲਦੀਪ ਸਿੰਘ, ਹਰਦੇਵ ਸਿੰਘ, ਮਨਦੀਪ ਸਿੰਘ, ਗੁਰਦੀਪ ਸਿੰਘ ਪ੍ਰਧਾਨ, ਜਗਦੀਪ ਸਿੰਘ, ਸੁਖਪਾਲ ਸਿੰਘ, ਪੁਰਸ਼ੋਤਮ ਸਿੰਘ, ਦਰਸ਼ਨ ਸਿੰਘ, ਅਮਰੀਕ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਦਿੱਲੀ ਕਮੇਟੀ ਮੈਂਬਰ ਮਨਜੀਤ ਸਿੰਘ ਔਲਖ ਤੇ ਭੁਪਿੰਦਰ ਸਿੰਘ ਗਿੰਨੀ,ਬਲਵਿੰਦਰ ਸਿੰਘ, ਦਿਲਬਾਗ ਸਿੰਘ ਭੁੱਲਰ, ਲੱਖਾ ਸਿੰਘ ਗਿੱਲ, ਗੁਰਮੇਜ ਸਿੰਘ ਗਿੱਲ, ਰੇਸ਼ਮ ਸਿੰਘ ਸੰਧੂ, ਬਲਜੀਤ ਸਿੰਘ, ਵਿਰਸਾ ਸਿੰਘ ਭੁੱਲਰ, ਕੰਵਲ ਸਿੰਘ ਭੁੱਲਰ, ਗੁਰਮੀਤ ਸਿੰਘ, ਗੁਰਸੇਵਕ ਸਿੰਘ ਸੰਧੂ, ਆਤਿਬ ਮੁਖ਼ਤਿਆਰ, ਦਿਲਬਾਗ ਸਿੰਘ ਬੱਗਾ, ਸੁਖਰਾਜ ਸਿੰਘ ਭੁੱਲਰ, ਗੁਰਮੀਤ ਸਿੰਘ, ਗਿਆਨੀ ਨਿਰਮਲ ਸਿੰਘ, ਮਲਕੀਤ ਸਿੰਘ, ਗੁਰਮੁੱਖ ਸਿੰਘ, ਤੀਰਥ ਸਿੰਘ, ਚੰਚਨ ਸਿੰਘ ਤੇ ਸੰਤੋਖ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।