ਜੈਸਲਮੇਰ ਵਿਖੇ ਡਿਊਟੀ ਦੌਰਾਨ ਪੰਜਾਬ ਦਾ ਜਵਾਨ ਸ਼ਹੀਦ ਹੋ ਗਿਆ। ਮ੍ਰਿਤਕ ਦੀ ਪਛਾਣ ਜਗਰੂਪ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਬਲੇਰ ਵਜੋਂ ਹੋਈ ਹੈ। ਉਸ ਦੀ ਉਮਰ 26-27 ਸਾਲ ਦੱਸੀ ਜਾ ਰਹੀ ਹੈ ਤੇ ਜਗਰੂਪ ਕਰੀਬ 6 ਸਾਲ ਪਹਿਲਾਂ ਫੌਜ ‘ਚ ਭਰਤੀ ਹੋਇਆ ਸੀ।

    ਜ਼ਿਲ੍ਹਾ ਖੇਮਕਰਨ ਹਲਕੇ ਦੇ ਬਲਾਕ ਭਿਖੀਵਿੰਡ ਦੇ ਪਿੰਡ ਬਲੇਹਰ ਵਿਚ ਉਦੋਂ ਸੋਗ ਦੀ ਲਹਿਰ ਦੌੜ ਗਈ ਜਦੋਂ ਤਿਰੰਗੇ ਝੰਡੇ ਵਿਚ ਲਿਪਟੀ ਜਗਰੂਪ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਜਿਥੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਦਾ ਦਰਦ ਦੇਖਿਆ ਨਹੀਂ ਜਾ ਰਿਹਾ। ਸਾਰਾ ਹੀ ਪਿੰਡ ਇਸ ਮੌਕੇ ਭਾਵੁਕ ਨਜ਼ਰ ਆਇਆ।

    ਆਰਮੀ ਜਵਾਨ ਵੀ ਮ੍ਰਿਤਕ ਸ਼ਹੀਦ ਦੇ ਨਾਲ ਪਿੰਡ ਪਹੁੰਚੇ। ਇਸ ਮੌਕੇ ਸ਼ਹੀਦ ਜਗਰੂਪ ਸਿੰਘ ਨੂੰ ਸਲਾਮੀ ਵੀ ਦਿੱਤੀ ਗਈ। ਨਾਇਬ ਸੂਬੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਜਗਰੂਪ ਸਿੰਘ ਨੂੰ ਸ਼ਹੀਦ ਹੋਣ ਦਾ ਦਰਜਾ ਦਿੱਤਾ ਗਿਆ। ਮ੍ਰਿਤਕ ਜਗਰੂਪ ਸਿੰਘ ਆਪਣੇ ਪਿੱਛੇ ਦੋ ਭੈਣਾਂ ਤੇ ਇਕ ਭਰਾ ਜੋ ਕਿ ਫੌਜ ਵਿਚ ਨੌਕਰੀ ਕਰਦਾ ਹੈ ਤੇ ਮਾਤਾ-ਪਿਤਾ ਨੂੰ ਛੱਡ ਗਿਆ ਹੈ।

    ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਤੇ ਪਰਿਵਾਰ ਨੇ ਕੇਂਦਰ ਤੇ ਪੰਜਾਬ ਸਰਕਾਰ ਕੋਲੋਂ ਸ਼ਹੀਦ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦੇਣ ਦੀ ਮੰਗ ਕੀਤੀ ਤੇ ਨਾਲ ਹੀ ਪੰਜਾਬ ਸਰਕਾਰ ਕੋਲੋਂ ਸ਼ਹੀਦ ਦੀ ਯਾਦ ਵਿਚ ਯਾਦਗਾਰੀ ਗੇਟ ਤੇ ਖੇਡ ਸਟੇਡੀਅਮ ਬਣਾਏ ਜਾਣ ਦੀ ਮੰਗ ਕੀਤੀ।