ਬਟਾਲਾ : ਬਟਾਲਾ ਦੇ ਸ੍ਰੀ ਹਰਗੋਬਿੰਦਪੁਰ ਰੋਡ ‘ਤੇ ਪਿੰਡ ਸਖੋਵਾਲ ਨਜ਼ਦੀਕ ਸ਼ੁੱਕਰਵਾਰ ਸ਼ਾਮ ਨੂੰ ਇੱਕ ਤੇਜ਼ ਰਫਤਾਰ ਕਾਰਨ ਪਹਿਲਾਂ ਰਾਹਗੀਰ ਨੂੰ ਕੁਚਲਿਆ ਅਤੇ ਫਿਰ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ ਮਾਰ ਦਿੱਤੀ। ਜਿਸ ਨਾਲ ਰਾਹਗੀਰ ਅਤੇ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਏ। ਇਸ ਹਾਦਸੇ ‘ਚ ਹੋਏ ਜ਼ਖ਼ਮੀਆਂ ਦੀ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ ਹੈ। ਵਾਪਰੇ ਹਾਦਸੇ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ ਇੱਕ ਬੱਚੀ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ ਹਨ।
ਮ੍ਰਿਤਕਾਂ ‘ਚ ਸ੍ਰੀ ਹਰਗੋਬਿੰਦਪੁਰ ਦੇ ਡੀਐੱਸਪੀ ਦਾ ਨਾਇਬ ਰੀਡਰ ਏਐੱਸਆਈ ਬਲਦੇਵ ਸਿੰਘ ਵਾਸੀ ਪੰਜਗਰਾਈਆ ਤੇ ਪਿੰਡ ਸੱਖੋਵਾਲ ਦਾ ਇੱਕ ਨੌਜਵਾਨ ਵੀ ਸ਼ਾਮਲ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਹਰਗੋਬਿੰਦਪੁਰ ਦੇ ਡੀਐੱਸਪੀ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਸੱਖੋਵਾਲ ਦਾ ਜਗਤਾਰ ਸਿੰਘ ਜੱਗੀ ਪੁੱਤਰ ਕਸ਼ਮੀਰ ਸਿੰਘ ਸੜਕ ਤੇ ਪੈਦਲ ਜਾ ਰਿਹਾ ਸੀ ਕਿ ਇੱਕ ਤੇਜ਼ ਰਫਤਾਰ ਕਾਰ ਨੇ ਪਹਿਲਾਂ ਜਗਤਾਰ ਸਿੰਘ ਨੂੰ ਕੁਚਲਿਆ। ਉਸ ਤੋਂ ਬਾਅਦ ਦੋ ਮੋਟਰਸਾਈਕਲਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਹਾਦਸੇ ਤੋਂ ਬਾਅਦ ਕਾਰ ਬਿਜਲੀ ਦੇ ਖੰਭਿਆਂ ਨਾਲ ਜਾ ਟਕਰਾਈ, ਜਿਸ ਨਾਲ ਕਾਰ ਚਾਲਕ ਵੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਹਰਜੀਤ ਸਿੰਘ ਵਾਸੀ ਧਾਰੀਵਾਲ ਸੋਹੀਆ ਦੀ ਵੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਨਾਇਬ ਰੀਡਰ ਜੋ ਡਿਊਟੀ ਤੋਂ ਬਾਅਦ ਆਪਣੇ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਪੰਜਗਰਾਈਆ ਜਾ ਰਿਹਾ ਸੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਬਟਾਲਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ । ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਪਲਵਿੰਦਰ ਕੌਰ ਪਤਨੀ ਹਰਜੀਤ ਸਿੰਘ ਪਿੰਡ ਧਾਰੀਵਾਲ ਸੋਹੀਆ ਜ਼ਖ਼ਮੀ ਹੋ ਗਈ ਹੈ ਤੇ ਮਾਸੂਮ ਬੱਚਾ ਵੀ ਜਖ਼ਮੀ ਹੋਇਆ ਹੈ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਦਾਖ਼ਲ ਕਰਵਾਇਆ ਗਿਆ।ਮਿਲੀ ਜਾਣਕਾਰੀ ਅਨੁਸਾਰ ਮਾਰੂਤੀ ਕਾਰ (ਪੀਬੀ 0ਬੀਏ, 4673) ਜੋ ਊਧਨਵਾਲ ਤੋਂ ਸ਼੍ਰੀਹਰਗੋਬਿੰਦਪੁਰ ਪਾਸੇ ਜਾ ਰਹੀ ਸੀ ਤਾਂ ਜਦ ਸੱਖੋਵਾਲ ਨਜਦੀਕ ਪੁੱਜੀ ਤਾਂ ਕਾਰਨੇ ਪੈਦਲ ਜਾ ਰਹੇ ਜਗਤਾਰ ਸਿੰਘ ਨੂੰ ਕੁਚਲ ਦਿੱਤਾ ।