ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸ਼ਾਲਾਪੁਰ ਬੇਟ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਅਧਿਆਪਕ ਨੇ ਇੱਕ ਵਿਦਿਆਰਥੀ ਨੂੰ ਆਪਣੀ ਕਾਰ ਦੇ ਬੋਨਟ ਉੱਤੇ ਬਿਠਾ ਕੇ ਕਰੀਬ 10 ਕਿਲੋਮੀਟਰ ਤੱਕ ਚਲਾ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਆਈਲੈਟਸ (IELTS) ਦੀ ਕੋਚਿੰਗ ਲੈ ਰਹੇ ਹਰਮਨਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਬਲਜਿੰਦਰ ਸਿੰਘ ਨੇ ਉਸ ਨੂੰ ਆਪਣੀ ਕਾਰ ਨਾਲ ਟੱਕਰ ਮਾਰੀ ਅਤੇ ਉਹ ਬੋਨਟ ‘ਤੇ ਡਿੱਗ ਗਿਆ। ਅਧਿਆਪਕ ਕਾਫੀ ਦੂਰ ਤੱਕ ਉਸ ਨਾਲ ਗੱਡੀ ਚਲਾਉਂਦਾ ਰਿਹਾ।
ਅਧਿਆਪਕ ਬਲਜਿੰਦਰ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਐਸਐਚਓ ਜਸਪਾਲ ਸਿੰਘ ਨੇ ਦੱਸਿਆ ਕਿ ਇਹ ਘਟਨਾ ਦੋ ਧਿਰਾਂ ਵਿੱਚ ਲੜਾਈ ਦੌਰਾਨ ਵਾਪਰੀ ਅਤੇ ਮੁਲਜ਼ਮ ਨੌਜਵਾਨ ਨੂੰ ਆਪਣੀ ਕਾਰ ਦੇ ਬੋਨਟ ’ਤੇ ਬਿਠਾ ਕੇ ਕਰੀਬ 10 ਕਿਲੋਮੀਟਰ ਤੱਕ ਲੈ ਗਿਆ। ਹਰਮਨਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਬਸਤੀ ਗਾਂਧਾ ਸਿੰਘ ਵਾਲਾ ਟਿੱਬਾ ਹਸਪਤਾਲ ਵਿੱਚ ਦਾਖ਼ਲ ਹੈ। ਹਰਮਨਪ੍ਰੀਤ ਦਾ ਦੋਸ਼ ਹੈ ਕਿ ਉਹ ਬੀਤੇ ਦਿਨ ਪਿੰਡ ਸ਼ਾਲਾਪੁਰ ਦੇ ਮੋੜ ‘ਤੇ ਖੜ੍ਹਾ ਸੀ। ਉਦੋਂ ਇਕ ਤੇਜ਼ ਰਫਤਾਰ ਕਾਰ, ਜਿਸ ਨੂੰ ਅਧਿਆਪਕ ਬਲਜਿੰਦਰ ਸਿੰਘ ਚਲਾ ਰਿਹਾ ਸੀ, ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਉਹ ਕਾਰ ਦੇ ਬੋਨਟ ‘ਤੇ ਡਿੱਗ ਗਿਆ।
ਇਸ ਤੋਂ ਬਾਅਦ ਅਧਿਆਪਕ ਉਸ ਨੂੰ ਕਰੀਬ 10 ਕਿਲੋਮੀਟਰ ਤੱਕ ਬੋਨਟ ‘ਤੇ ਬਿਠਾ ਕਾਰ ਦੇ ਨਾਲ ਲੈ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਮੁਲਜ਼ਮ ਅਧਿਆਪਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਹਰਮਨਪ੍ਰੀਤ ਸਿੰਘ ਆਪਣੇ ਕਈ ਹੋਰ ਸਾਥੀਆਂ ਨਾਲ ਆਇਆ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਕਾਰ ’ਤੇ ਹਮਲਾ ਕਰ ਦਿੱਤਾ। ਕਾਰ ਦੇ ਸ਼ੀਸ਼ੇ ਟੁੱਟ ਗਏ ਅਤੇ ਆਪਣੇ ਬਚਾਅ ਲਈ ਬਲਜਿੰਦਰ ਸਿੰਘ ਨੇ ਕਾਰ ਭਜਾ ਲਈ, ਫਿਰ ਵੀ ਹਰਮਨਪ੍ਰੀਤ ਸਿੰਘ ਜਾਣਬੁੱਝ ਕੇ ਕਾਰ ਦੇ ਬੋਨਟ ‘ਤੇ ਚੜ੍ਹ ਗਿਆ ਅਤੇ ਉਥੇ ਹੀ ਪਿਆ ਰਿਹਾ।