ਲੁਧਿਆਣਾ : ਸਥਾਨਕ ਗੁਰਮੇਲ ਪਾਰਕ ਚੌਂਕ ਟਿੱਬਾ ਰੋਡ ਇਲਾਕੇ ਵਿੱਚ ਪੈਦਲ ਜਾ ਰਹੇ ਨੌਜਵਾਨ ਕੋਲੋਂ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੇ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਰਾਹਗੀਰਾਂ ਨੇ ਤਿੰਨਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਪਰ ਪੁਲਿਸ ਪੁੱਜਣ ’ਤੇ ਤਿੰਨੋਂ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਉਕਤ ਮਾਮਲੇ ਵਿੱਚ ਥਾਣਾ ਟਿੱਬਾ ਪੁਲਿਸ ਨੇ ਮੁਹੱਲਾ ਗੀਤਾ ਨਗਰ ਦੇ ਰਹਿਣ ਵਾਲੇ ਲੱਕੀ ਦੇ ਬਿਆਨ ’ਤੇ ਮੁਲਜ਼ਮ ਬਲਜੀਤ ਉਰਫ ਜਿਸੂ, ਮੁਹੰਮਦ ਰਹੀਮ ਉਰਫ ਆਸ਼ੂ ਤੇ ਅਮਨਦੀਪ ਉਰਫ ਅਮਨਾ ਵਾਸੀ ਜੀਵਨ ਨਗਰ ਖਿਲਾਫ਼ ਪਰਚਾ ਦਰਜ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

    ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਲੋਕੀ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਉਹ ਪੈਦਲ ਹੀ ਰਾਮ ਨਗਰ ਵਿਖੇ ਕੰਪਿਊਟਰ ਕਲਾਸ ਲਈ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਗੁਰਮੇਲ ਪਾਰਕ ਚੌਂਕ ਤੋਂ ਟਾਵਰ ਲਾਈਨ ਦੇ ਥੱਲੇ ਸੱਜੇ ਪਾਸੇ ਨੂੰ ਮੁੜਨ ਲੱਗਾ ਤਾਂ ਪਿੱਛੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨ ਉਸਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕਰਨ ਲੱਗੇ। ਮੋਬਾਈਲ ਖੋਹਣ ਦੌਰਾਨ ਮੋਟਰਸਾਈਕਲ ਸਵਾਰਾਂ ਨੇ ਸ਼ਿਕਾਇਤ ਕਰਤਾ ਦਾ ਹੱਥ ਵੀ ਨਾਲ ਖਿੱਚ ਲਿਆ ਅਤੇ ਮੁਦਈ ਮੋਟਰ ਸਾਈਕਲ ਨਾਲ ਕਾਫੀ ਦੂਰ ਤੱਕ ਘੜੀਸਦਾ ਗਿਆ। ਇਸ ਖਿੱਚ ਧੂਹ ਵਿੱਚ ਮੋਟਰਸਾਈਕਲ ਸਵਾਰਾਂ ਦਾ ਬੈਲੈਂਸ ਵਿਗੜ ਗਿਆ ਅਤੇ ਉਹ ਸੜਕ ’ਤੇ ਹੀ ਡਿੱਗ ਗਏ। ਰਾਹਗੀਰਾਂ ਨੇ ਮੋਟਰਸਾਈਕਲ ਸਵਾਰਾਂ ਨੂੰ ਮੌਕੇ ’ਤੇ ਹੀ ਦਬੋਚ ਲਿਆ ਤੇ ਪੁਲਿਸ ਨੂੰ ਸੱਦਿਆ।

    ਪੁਲਿਸ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਤਿੰਨੋਂ ਮੁਲਜ਼ਮ ਭੀੜ ਦਾ ਫ਼ਾਇਦਾ ਚੁੱਕ ਕੇ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਹ ਵਾਰਦਾਤ ਬਲਜੀਤ, ਮੁਹੰਮਦ ਰਹੀਮ ਅਤੇ ਅਮਨਦੀਪ ਉਰਫ ਅਮਨਾ ਨੇ ਕੀਤੀ ਸੀ। ਇਸ ਮਾਮਲੇ ਦੇ ਤਫਤੀਸ਼ ਕੌਰ ਥਾਣੇਦਾਰ ਗੁਰਦਿਆਲ ਸਿੰਘ ਮੁਤਾਬਕ ਤਿੰਨਾਂ ਮੁਲਜ਼ਮਾ ਖਿਲਾਫ਼ ਪਰਚਾ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।