ਲੁਧਿਆਣਾ : ਬੀਤੇ ਦਿਨ ਦੇਸ਼ ਭਰ ‘ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸ਼ਾਮ ਨੂੰ ਵੱਖ-ਵੱਖ ਥਾਵਾਂ ‘ਤੇ ਰਾਵਣ ਦੇ ਪੁਤਲੇ ਫੂਕੇ ਗਏ। ਲੁਧਿਆਣਾ ਵਿੱਚ ਕਈ ਥਾਵਾਂ ’ਤੇ ਦੁਸਹਿਰੇ ਦੇ ਮੇਲੇ ਲੱਗਦੇ ਹਨ। ਇਸੇ ਦੌਰਾਨ ਦੁਸਹਿਰਾ ਮੇਲੇ ਦੇ ਨਜ਼ਦੀਕ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਦੁਸਹਿਰਾ ਮੇਲੇ ਨੇੜੇ ਇੱਕ ਕੈਂਟਰ ਨੇ ਦਰਜਨ ਭਰ ਲੋਕਾਂ ਨੂੰ ਕੁਚਲ ਦਿੱਤਾ, ਜਿਸ ਵਿੱਚ ਇੱਕ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਲੁਧਿਆਣਾ ਦੇ ਦੁੱਗਰੀ ਇਲਾਕੇ ‘ਚ ਦੇਰ ਰਾਤ ਇਕ ਕੈਂਟਰ ਨੇ ਇਕ ਦਰਜਨ ਦੇ ਕਰੀਬ ਲੋਕਾਂ ਨੂੰ ਕੁਚਲ ਦਿੱਤਾ, ਜਿਸ ਦੌਰਾਨ ਐਕਟਿਵਾ ‘ਤੇ ਬੈਠੀ ਇਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 5 ਤੋਂ 6 ਲੋਕ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਦੁੱਗਰੀ ਥਾਣੇ ਤੋਂ ਥੋੜੀ ਦੂਰੀ ’ਤੇ ਖਾਲੀ ਖੇਤ ਵਿੱਚ ਸਬਜ਼ੀ ਮੰਡੀ ਬਣੀ ਹੋਈ ਹੈ। ਜਿੱਥੇ ਮੰਗਲਵਾਰ ਰਾਤ ਨੂੰ ਦੁਸਹਿਰਾ ਮਨਾਇਆ ਗਿਆ।
ਰਾਤ ਸਾਢੇ 10 ਵਜੇ ਦੇ ਕਰੀਬ ਰਾਵਣ ਦਹਿਨ ਤੋਂ ਬਾਅਦ ਜਦੋਂ ਲੋਕ ਮੇਲੇ ਦਾ ਆਨੰਦ ਮਾਣ ਰਹੇ ਸਨ ਤਾਂ ਇਕ ਟਾਟਾ 407 ਕੈਂਟਰ ਨੇ ਸੜਕ ‘ਤੇ ਖੜ੍ਹੇ ਕਈ ਵਾਹਨਾਂ ਨੂੰ ਟੱਕਰ ਮਾਰ ਕੇ ਲੋਕਾਂ ਨੂੰ ਜ਼ਖਮੀ ਕਰ ਦਿੱਤਾ।
ਮ੍ਰਿਤਕ ਦੀ ਪਛਾਣ ਦੁਗਰੀ ਵਾਸੀ ਕ੍ਰਿਸ਼ਨਾ ਖੱਟ ਪ੍ਰਿਆ ਵਜੋਂ ਹੋਈ ਹੈ। ਹਾਦਸੇ ਦੌਰਾਨ ਉਸ ਦਾ ਪਤੀ ਅਤੇ ਦੋ ਬੱਚੇ ਵੀ ਉਸ ਦੇ ਨਾਲ ਸਨ। ਖੁਸ਼ਕਿਸਮਤੀ ਹੈ ਕਿ ਉਹ ਬਚ ਗਿਆ। ਹਾਦਸੇ ਤੋਂ ਬਾਅਦ ਲੋਕਾਂ ਨੇ ਕੈਂਟਰ ਚਾਲਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਕੈਂਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।