ਬਰਨਾਲਾ ਦੇ ਭਦੌੜ ਤੋਂ ਇੱਕ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਪੈਸਿਆਂ ਲਈ ਇੱਕ ਦੋਸਤ ਅਜਿਹਾ ਦੁਸ਼ਮਣ ਬਣ ਗਿਆ ਕਿ ਉਸ ਨੇ ਆਪਣੇ ਹੀ ਦੋਸਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਬੱਬੂ ਸਿੰਘ ਪੁੱਤਰ ਗੁਰਮੀਤ ਸਿੰਘ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਨੂੰ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।ਇਸ ਪੂਰੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਮਾਨਵਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਬੱਬੂ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਤਪਾ ਢਿਲਵਾਂ ਯੂਨੀਵਰਸਿਟੀ ਦੇ ਸਾਹਮਣੇ ਮੋਬਾਈਲ ਅਤੇ ਬੁੱਕ ਡਿਪੂ ‘ਤੇ ਕੰਮ ਕਰਦਾ ਸੀ, ਜੋ ਕਿ 23 ਜੂਨ ਨੂੰ ਸ਼ਾਮ ਕਰੀਬ 5 ਵਜੇ ਉਸ ਨੂੰ ਮਿਲਿਆ। ਉਸਦਾ ਦੋਸਤ ਭਰਨਾ ਸਿੰਘ ਕਾਰ ਲੈ ਕੇ ਦੁਕਾਨ ਤੋਂ ਚਲਾ ਗਿਆ। ਜਦੋਂ ਦੇਰ ਰਾਤ ਤੱਕ ਬੱਬੂ ਸਿੰਘ ਘਰ ਵਾਪਸ ਨਹੀਂ ਪਰਤਿਆ ਤਾਂ ਮਾਲਕ ਭਰਪੂਰ ਸਿੰਘ ਨੇ ਉਸ ਦੀ ਭਾਲ ਸ਼ੁਰੂ ਕੀਤੀ।

    ਇਸ ਦੌਰਾਨ ਭਰਪੂਰ ਸਿੰਘ ਨੂੰ ਬੱਬੂ ਦੀ ਕਾਰ ਪੱਖੋ ਕੈਂਚੀਆਂ ਵਾਲੇ ਪਾਸੇ ਇਕ ਸ਼ੈਲਰ ਕੋਲ ਸੜਕ ਕਿਨਾਰੇ ਖੜ੍ਹੀ ਮਿਲੀ ਅਤੇ ਬੱਬੂ ਸਿੰਘ ਸੜਕ ਕਿਨਾਰੇ ਪਿਆ ਹੋਇਆ ਮਿਲਿਆ। ਜਿਸ ‘ਤੇ ਕੁਲਵਿੰਦਰ ਸਿੰਘ ਉਰਫ਼ ਕਾਲਾ ਵਾਸੀ ਘੁੰਨਸ ਰੋਡ, ਢਿਲਵਾਂ ਨੇ ਹੱਥ ਵਿੱਚ ਫੜੀ ਤਲਵਾਰ ਨਾਲ ਉਸ ਦੇ ਸਿਰ ਅਤੇ ਬਾਂਹ ‘ਤੇ ਵਾਰ ਕਰ ਰਿਹਾ ਸੀ। ਭਰਪੂਰ ਸਿੰਘ ਨੂੰ ਦੇਖ ਕੇ ਕੁਲਵਿੰਦਰ ਸਿੰਘ ਉਰਫ਼ ਕਾਲਾ ਨੇ ਟਾਰਚ ਹੱਥ ਵਿੱਚ ਫੜ ਕੇ ਨੇੜੇ ਦੀਆਂ ਖੱਡਾਂ ਵਿੱਚ ਸੁੱਟ ਦਿੱਤੀ ਅਤੇ ਪਿੰਡ ਸੁਖਾਪੁਰਾ ਮੌੜ ਦੀ ਮੰਡੀ ਵੱਲ ਭੱਜਿਆ।ਬੱਬੂ ਸਿੰਘ ਦਾ ਕਤਲ ਕੁਲਵਿੰਦਰ ਸਿੰਘ ਉਰਫ ਕਾਲਾ ਨੇ ਕੀਤਾ ਸੀ। ਪੁਲਿਸ ਨੇ ਕਰੀਬ 2 ਘੰਟਿਆਂ ਦੇ ਅੰਦਰ ਅੰਦਰ ਮੁਲਜ਼ਮ ਨੂੰ ਹਥਿਆਰ ਸਣੇ ਗ੍ਰਿਫਤਾਰ ਕਰ ਲਿਆ। ਰੰਜਿਸ਼ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ ਇੱਕ ਦੂਜੇ ਨਾਲ ਪੈਸਿਆਂ ਨੂੰ ਲੈ ਕੇ ਲੈਣ-ਦੇਣ ਸੀ। ਕੁਲਵਿੰਦਰ ਸਿੰਘ ਨੇ ਬੱਬੂ ਸਿੰਘ ਤੋਂ ਪੈਸੇ ਲੈਣੇ ਸਨ, ਜਿਸ ਕਾਰਨ ਦੋਵਾਂ ਵਿਚਾਲੇ ਤਕਰਾਰ ਹੋ ਗਈ। ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫਤ ‘ਚ ਹੈ ਅਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।