ਨਵਾਂਸ਼ਹਿਰ ਦੇ ਪਿੰਡ ਮੂਸਾਪੁਰ ਦੇ ਇੱਕ ਸਰਕਾਰੀ ਸਕੂਲ ਵਿੱਚੋਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਤਾਲੇ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੇ ਨਾਲ ਹੀ ਚੋਰਾਂ ਨੇ ਸਕੂਲ ਵੱਲੋਂ ਚਲਾਏ ਜਾ ਰਹੇ ਜਿੰਮ ਵਿੱਚ ਵੀ ਆਪਣੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸਕੂਲ ਪ੍ਰਿੰਸੀਪਲ ਅਨੁਸਾਰ ਕਰੀਬ 5 ਲੱਖ ਰੁਪਏ ਚੋਰੀ ਹੋ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ‘ਚ ਜੁਟ ਗਈ ਹੈ।

    ਨਵਾਂਸ਼ਹਿਰ ਦੇ ਪਿੰਡ ਮੂਸਾਪੁਰ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 6.30 ਵਜੇ ਸੂਚਨਾ ਮਿਲੀ ਕਿ ਦੇਰ ਰਾਤ ਸਕੂਲ ਵਿੱਚ ਚੋਰੀ ਹੋ ਗਈ ਹੈ। ਸਕੂਲ ਦੇ ਬਾਕੀ ਕਮਰਿਆਂ ਦੇ ਤਾਲੇ ਟੁੱਟੇ ਹੋਏ ਹਨ। ਅਲਮਾਰੀਆਂ ਵੀ ਟੁੱਟੀਆਂ ਹੋਈਆਂ ਹਨ। ਇਸ ਤੋਂ ਇਲਾਵਾ ਸਕੂਲ ਵਿੱਚ ਜੋ ਜਿੰਮ ਪਿੰਡ ਦੇ ਨੌਜਵਾਨਾਂ ਵੱਲੋਂ ਚਲਾਇਆ ਜਾਂਦਾ ਸੀ, ਉਸ ਦੇ ਤਾਲੇ ਵੀ ਟੁੱਟੇ ਹੋਏ ਹਨ।

    ਪ੍ਰਿੰਸੀਪਲ ਨੇ ਦੱਸਿਆ ਕਿ ਚੋਰ ਬੱਚਿਆਂ ਲਈ ਮਿਡ-ਡੇ-ਮੀਲ ਬਣਾਉਣ ਵਾਲੀ ਕੰਪਨੀ ਵੱਲੋਂ ਰੱਖਿਆ ਤੇਲ ਦਾ ਨਵਾਂ ਡੱਬਾ ਵੀ ਚੋਰੀ ਕਰਕੇ ਲੈ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਪਰ ਚੋਰ ਆਪਣੇ ਨਾਲ ਡੀਵੀਆਰ ਅਤੇ ਐਲਸੀਡੀ ਵੀ ਲੈ ਗਏ ਹਨ। ਸਕੂਲ ਨੂੰ ਕਰੀਬ 2 ਲੱਖ ਰੁਪਏ ਅਤੇ ਜਿੰਮ ਦਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।