ਦੇਸ਼ ਦੇ 5 ਸੂਬਿਆਂ ਵਿਚ ਕੱਲ੍ਹ ਵਿਧਾਨ ਸਭਾ ਚੋਣਾਂ ਪੂਰੀਆਂ ਹੋ ਗਈਆਂ ਤੇ ਅੱਜ ਤੋਂ LPG ਸਿਲੰਡਰ ਦੇ ਰੇਟ ਵੱਧ ਗਏ ਹਨ। ਇਹ ਵਾਧਾ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰ ‘ਤੇ ਹੋਇਆ ਹੈ ਤੇ ਇਸ ਦੇ ਰੇਟ ਵਿਚ 21 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਅੱਜ ਤੋਂ ਰਾਜਧਾਨੀ ਦਿੱਲੀ ਵਿਚ ਕਮਰਸ਼ੀਅਲ ਗੈਸ ਸਿਲੰਡਰ ਲਈ 1796.50 ਰੁਪਏ ਚੁਕਾਉਣੇ ਪੈਣਗੇ ਜਦੋਂ ਕਿ ਪਿਛਲੇ ਮਹੀਨੇ LPG ਗੈਸ ਦੇ ਰੇਟ 1775.50 ਰੁਪਏ ਪ੍ਰਤੀ ਸਿਲੰਡਰ ‘ਤੇ ਸੀ।
ਸਬਸਿਡੀ ਵਾਲੇ 14.2 ਕਿਲੋਗ੍ਰਾਮ ਵਾਲੇ ਘਰੇਲੂ ਰਸੋਈ ਗੈਸ ਦੇ ਰੇਟ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਆਮ ਰਸੋਈ ਗੈਸ ਸਿਲੰਡਰ ਉਪਭੋਗਤਾਵਾਂ ਨੂੰ ਨਾ ਤਾਂ ਰਾਹਤ ਮਿਲੀ ਹੈ ਤੇ ਨਾ ਹੀ ਕੋਈ ਬਦਲਾਅ ਇਨ੍ਹਾਂ ਦੇ ਗੈਸ ਸਿਲੰਡਰ ਦੇ ਰੇਟ ਵਿਚ ਕੀਤਾ ਗਿਆ ਹੈ।
ਦੱਸ ਦੇਈਏ ਕਿ ਅਜੇ ਪਿਛਲੇ ਮਹੀਨੇ ਦੀ ਪਹਿਲੀ ਤਰੀਕ ਯਾਨੀ 1 ਨਵੰਬਰ ਨੂੰ ਵੀ LPG ਸਿਲੰਡਰ ਦੇ ਰੇਟ ਵਿਚ 100 ਰੁਪਏ ਦਾ ਵਾਧਾ ਕੀਤਾ ਗਿਆ ਸੀ। ਐੱਲਪੀਜੀ ਦੇ ਇਹ ਰੇਟ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰ ‘ਤੇ ਵੇਧੇ ਸਨ। ਇਕ ਅਕਤੂਬਰ ਨੂੰ ਐੱਲਪੀਜੀ 1741.50 ਰੁਪਏ ਸੀ ਜਦੋਂ ਕਿ 1 ਨਵੰਬਰ ਨੂੰ ਇਸਦੇ ਰੇਟ 101.50 ਰੁਪਏ ਮਹਿੰਗੇ ਹੋਏ ਸਨ ਤੇ 1833 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਸੀ। ਇਸ ਦੇ ਬਾਅਦ 16 ਨਵੰਬਰ ਨੂੰ ਕਮਰਸ਼ੀਅਲ ਗੈਸ ਦੇ ਰੇਟ ਘੱਟ ਹੋਏ ਸਨ ਤੇ ਇਹ 57.05 ਰੁਪਏ ਸਸਤਾ ਹੋ ਕੇ 1775.50 ਰੁਪਏ ‘ਤੇ ਆ ਗਿਆ ਸੀ।
ਕਮਰਸ਼ੀਅਲ ਗੈਸ ਦੇ ਮਹਿੰਗਾ ਹੋਣ ਦਾ ਅਸਰ ਖਾਣ-ਪੀਣ ਦੀ ਇੰਡਸਟਰੀ ਤੇ ਰੈਸਟੋਰੈਂਟ ਕਾਰੋਬਾਰ ‘ਤੇ ਜ਼ਿਆਦਾ ਦਿਖੇਗਾ। ਆਮ ਜਨਤਾ ਲਈ ਬਾਹਰ ਖਾਣਾ-ਪੀਣਾ ਮਹਿੰਗਾ ਹੋਣ ਵਾਲਾ ਹੈ ਤੇ ਉਨ੍ਹਾਂ ਦੀ ਆਊਟਿੰਗ ‘ਤੇ ਹੋਣ ਵਾਲਾ ਬਜਟ ਮਹਿੰਗਾ ਹੋਵੇਗਾ।