ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਵੱਡਾ ਫੈਸਲਾ ਲੈ ਕੇ ਹਲਚਲ ਮਚਾ ਦਿੱਤੀ ਹੈ। ਟਰੰਪ ਨੇ ਮਹਿਲਾ ਖੇਡਾਂ ਵਿੱਚ ਟਰਾਂਸਜੈਂਡਰ ਐਥਲੀਟਾਂ ਦੇ ਦਾਖਲੇ ‘ਤੇ ਪਾਬੰਦੀ ਲਗਾਉਣ ਵਾਲੇ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕਰ ਦਿੱਤੇ ਹਨ।
ਟਰੰਪ ਦੇ ਇਸ ਹੁਕਮ ਤੋਂ ਬਾਅਦ, ਟਰਾਂਸਜੈਂਡਰ ਹੁਣ ਅਮਰੀਕਾ ਵਿੱਚ ਔਰਤਾਂ ਦੀਆਂ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਣਗੇ। ਇਹ ਹੁਕਮ ਉਨ੍ਹਾਂ ਟਰਾਂਸਜੈਂਡਰ ਖਿਡਾਰੀਆਂ ‘ਤੇ ਵੀ ਲਾਗੂ ਹੋਵੇਗਾ ਜੋ ਜਨਮ ਸਮੇਂ ਮਰਦ ਸਨ ਅਤੇ ਬਾਅਦ ਵਿੱਚ ਔਰਤ ਬਣਨ ਲਈ ਲਿੰਗ ਪਰਿਵਰਤਨ ਕਰਵਾਇਆ ਸੀ।
ਪੁਰਸ਼ਾਂ ਨੂੰ ਔਰਤਾਂ ਦੀਆਂ ਖੇਡਾਂ ਤੋਂ ਬਾਹਰ ਰੱਖਣ ਦੇ ਸਿਰਲੇਖ ਵਾਲਾ ਕਾਰਜਕਾਰੀ ਆਦੇਸ਼, ਸੰਘੀ ਏਜੰਸੀਆਂ, ਜਿਨ੍ਹਾਂ ਵਿਚ ਨਿਆਂ ਅਤੇ ਸਿੱਖਿਆ ਵਿਭਾਗ ਸ਼ਾਮਲ ਹਨ, ਨੂੰ ਇਹ ਯਕੀਨੀ ਬਣਾਉਣ ਲਈ ਪੂਰਾ ਅਧਿਕਾਰ ਦਿੰਦਾ ਹੈ ਕਿ ਸੰਘੀ ਫੰਡ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਟਰੰਪ ਪ੍ਰਸ਼ਾਸਨ ਦੇ ਨਿਯਮਾਂ ਦੀ ਪਾਲਣਾ ਕਰਦੀਆਂ ਹਨ।
ਇਸ ਫੈਸਲੇ ਤੋਂ ਬਾਅਦ ਵ੍ਹਾਈਟ ਹਾਊਸ ਕੈਰੋਲੀਨ ਲੇਵਿਟ ਨੇ ਕਿਹਾ ਕਿ ਇਹ ਹੁਕਮ ਟਰੰਪ ਦੇ ਉਸ ਵਾਅਦੇ ਦਾ ਨਤੀਜਾ ਹੈ ਜਿਸ ਵਿੱਚ ਉਨ੍ਹਾਂ ਨੇ ਖੇਡਾਂ ਵਿੱਚ ਔਰਤਾਂ ਨੂੰ ਬਰਾਬਰ ਮੌਕੇ ਦੇਣ ਦੀ ਗੱਲ ਕੀਤੀ ਸੀ। ਇਹ ਫੈਸਲਾ ਸਕੂਲਾਂ, ਕਾਲਜਾਂ ਅਤੇ ਹੋਰ ਐਥਲੈਟਿਕਸ ਐਸੋਸੀਏਸ਼ਨਾਂ ਵਿੱਚ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਹੁਕਮ ਅਜਿਹੇ ਸਮੇਂ ਲਾਗੂ ਹੋਇਆ ਹੈ ਜਦੋਂ ਦੇਸ਼ ਵਿੱਚ ਰਾਸ਼ਟਰੀ ਲੜਕੀਆਂ ਅਤੇ ਮਹਿਲਾ ਖੇਡ ਦਿਵਸ ਮਨਾਇਆ ਜਾ ਰਿਹਾ ਹੈ।