ਹਰਿਆਣਾ ਦੇ ਰੋਹਤਕ ਵਿੱਚ ਦੇਰ ਰਾਤ ਐਸਟੀਐਫ ਅਤੇ ਸੀਆਈਏ ਟੀਮ, ਗੈਂਗਸਟਰ ਰਾਹੁਲ ਬਾਬਾ ਅਤੇ ਉਸ ਦੇ ਸਾਥੀਆਂ ਵਿੱਚ ਮੁਕਾਬਲਾ ਹੋਇਆ। ਗੈਂਗਸਟਰ ਰਾਹੁਲ ਬਾਬਾ ਦਾ ਸਾਥੀ ਦੀਪਕ ਐਨਕਾਊਂਟਰ ਵਿੱਚ ਮਾਰਿਆ ਗਿਆ। ਜਦਕਿ ਦੋ ਬਦਮਾਸ਼ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਮੁਕਾਬਲੇ ਦੌਰਾਨ ਗੈਂਗਸਟਰ ਰਾਹੁਲ ਬਾਬਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਾਫੀ ਦੇਰ ਤੱਕ ਪੁਲਸ ‘ਤੇ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ‘ਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ। ਰਾਹੁਲ ਬਾਬਾ ਅਤੇ ਉਸ ਦੇ ਸਾਥੀ ਆਯੂਸ਼ ਦੀ ਲੱਤ ਵਿੱਚ ਗੋਲੀ ਲੱਗੀ ਸੀ ਜਦੋਂ ਕਿ ਤੀਜਾ ਸਾਥੀ ਦੀਪਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਦੀਪਕ ਯੂਪੀ ਦੇ ਬਾਗਪਤ ਦੇ ਬਲਨੀ ਪਿੰਡ ਦਾ ਰਹਿਣ ਵਾਲਾ ਸੀ।

ਦੱਸਿਆ ਜਾ ਰਿਹਾ ਹੈ ਕਿ ਰਾਹੁਲ ਬਾਬਾ ਰੋਹਤਕ ਦਾ ਗੈਂਗਸਟਰ ਹੈ। ਉਸ ‘ਤੇ ਕਈ ਅਪਰਾਧਿਕ ਮਾਮਲੇ ਦਰਜ ਹਨ। ਰਾਹੁਲ ਬਾਬਾ ਨੇ ਪਿੰਡ ਬੋਹੜ ‘ਚ ਸ਼ਰਾਬ ਦੇ ਠੇਕੇ ‘ਤੇ 3 ਲੋਕਾਂ ਨੂੰ ਮਾਰਨ ਅਤੇ 2 ਲੋਕਾਂ ਨੂੰ ਜ਼ਖਮੀ ਕਰਨ ਦੀ ਜ਼ਿੰਮੇਵਾਰੀ ਲਈ ਸੀ। ਇਸ ਤੀਹਰੇ ਕਤਲ ਵਿੱਚ ਗੈਂਗਸਟਰ ਪਲੋਤਰਾ ਦੇ ਭਰਾ ਦਾ ਕਤਲ ਹੋ ਗਿਆ ਸੀ। ਗੈਂਗਸਟਰ ਰਾਹੁਲ ਬਾਬਾ ਦੇਸ਼ ਦੇ ਸਭ ਤੋਂ ਵੱਡੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਗੈਂਗ ਨਾਲ ਜੁੜਿਆ ਹੋਇਆ ਹੈ। ਰਾਹੁਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਾਬਾ ਅਤੇ ਲਾਰੇਂਸ ਬਿਸ਼ਨੋਈ ਦੇ ਭਰਾ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਜ਼ਖਮੀ ਆਯੂਸ਼ ਰੋਹਤਕ ਦਾ ਰਹਿਣ ਵਾਲਾ ਹੈ। ਜਦੋਂਕਿ ਦੀਪਕ ਯੂਪੀ ਦੇ ਬਾਗਪਤ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀਪਕ ‘ਤੇ ਦੋ ਕਤਲਾਂ ਦਾ ਦੋਸ਼ ਹੈ। ਯੂਪੀ ਪੁਲਿਸ ਦੀਪਕ ਦੀ ਭਾਲ ਵਿੱਚ ਲੱਗੀ ਹੋਈ ਸੀ। ਪੁਲਿਸ ਨੇ ਬਦਮਾਸ਼ਾਂ ਕੋਲੋਂ ਤਿੰਨ ਦੇਸੀ ਪਿਸਤੌਲ ਵੀ ਬਰਾਮਦ ਕੀਤੇ ਹਨ। ਫਿਲਹਾਲ ਰੋਹਤਕ ਪੁਲਸ ਇਸ ਮੁਕਾਬਲੇ ਬਾਰੇ ਕੁਝ ਨਹੀਂ ਕਹਿ ਰਹੀ ਹੈ। ਇੰਨੀ ਜਾਣਕਾਰੀ ਮਿਲੀ ਹੈ ਕਿ ਰਾਹੁਲ ਬਾਬਾ, ਉਸਦੇ ਸਾਥੀ ਆਯੂਸ਼ ਅਤੇ ਮ੍ਰਿਤਕ ਦੀਪਕ ਦੇ ਖਿਲਾਫ ਅਪਰਾਧਿਕ ਲੁੱਟ, ਜਬਰਦਸਤੀ ਅਤੇ ਕਤਲ ਦੇ ਕਈ ਮਾਮਲੇ ਦਰਜ ਹਨ।
ਪੁਲੀਸ ਮੁਕਾਬਲੇ ਵਿੱਚ ਜ਼ਖ਼ਮੀ ਹੋਏ ਦੋਵੇਂ ਬਦਮਾਸ਼ਾਂ ਦਾ ਪੁਲੀਸ ਸੁਰੱਖਿਆ ਹੇਠ ਪੀਜੀਆਈ ਰੋਹਤਕ ਦੇ ਟਰਾਮਾ ਸੈਂਟਰ ਵਿੱਚ ਇਲਾਜ ਚੱਲ ਰਿਹਾ ਹੈ। ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਅੱਜ ਪੁਲਿਸ ਅਧਿਕਾਰਤ ਤੌਰ ‘ਤੇ ਇਹ ਜਾਣਕਾਰੀ ਦੇ ਸਕਦੀ ਹੈ।