ਲੁਧਿਆਣਾ (ਰਿਤਿਕ ਘਈ) : ਹੁਣੇ ਹੁਣੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਟਰੱਕ ਡਰਾਈਵਰਾਂ ਨੇ ਹੁਣ ਪੰਜਾਬ ਭਰ ਦੇ ਤੇਲ ਡਿਪੂਆਂ ‘ਤੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਅਤੇ ਟਰੱਕ ਡਰਾਈਵਰਾਂ ਖ਼ਿਲਾਫ਼ ਬਣਾਏ ਗਏ ਨਵੇਂ ਕਾਨੂੰਨ ਦੇ ਵਿਰੋਧ ‘ਚ ਵੱਖ-ਵੱਖ ਡਰਾਈਵਰ ਐਸੋਸੀਏਸ਼ਨਾਂ ਨੇ ਪੰਜਾਬ ਭਰ ਦੇ ਤੇਲ ਡਿਪੂਆਂ ‘ਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਨ ਸੂਬੇ ਭਰ ਦੇ ਪੈਟਰੋਲ ਪੰਪਾਂ ‘ਤੇ ਤੇਲ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਅਤੇ ਪੰਜਾਬ ਭਰ ਦੇ ਸਾਰੇ ਪੈਟਰੋਲ ਪੰਪਾਂ ਦੇ ਸਾਹਮਣੇ ਕਾਫੀ ਜਿਆਦਾ ਭੀੜ ਦੇਖਣ ਨੂੰ ਮਿਲੀ ਜਿਸ ਕਰਕੇ ਲੁਧਿਆਣਾ ਦੇ 40 ਫ਼ੀਸਦੀ ਪੈਟਰੋਲ ਪੰਪ ਸੁੱਕੇ ਪਏ ਹਨ ਅਤੇ ਮੰਗਲਵਾਰ ਤੱਕ ਸਾਰੇ ਪੰਪਾਂ ‘ਤੇ 100 ਫ਼ੀਸਦੀ ਪੈਟਰੋਲ ਅਤੇ ਡੀਜ਼ਲ ਖ਼ਤਮ ਹੋਣ ਦੀ ਸੰਭਾਵਨਾ ਹੈ।

    ਅਜਿਹੇ ‘ਚ ਤੇਲ ਦੀ ਸਪਲਾਈ ਨਾ ਮਿਲਣ ਕਾਰਨ ਪੰਜਾਬ ਭਰ ‘ਚ ਵਾਹਨਾਂ ਦਾ ਚੱਕਾ ਜਾਮ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਬੱਸ ਜਾਂ ਟਰੱਕ ਕਾਰਨ ਵਾਪਰੇ ਸੜਕ ਹਾਦਸੇ ਵਿਚ ਕਿਸੇ ਵਿਅਕਤੀ ਦੀ ਮੌਤ ਦੇ ਦੋਸ਼ੀ ਡਰਾਈਵਰ ਨੂੰ 10 ਸਾਲ ਦੀ ਕੈਦ ਅਤੇ 7 ਲੱਖ ਰੁਪਏ ਤੱਕ ਦਾ ਜੁਰਮਾਨਾ ਦੇਣ ਦਾ ਕਾਨੂੰਨ ਪਾਸ ਕੀਤਾ ਗਿਆ ਹੈ। ਇਸ ਦੇ ਵਿਰੋਧ ਵਿਚ ਡਰਾਈਵਰ ਭਾਈਚਾਰੇ ਨੇ ਪੰਜਾਬ ਵਿਚ ਸੰਗਰੂਰ, ਜਲੰਧਰ, ਬਠਿੰਡਾ ਆਦਿ ਤੇਲ ਰਿਫਾਇਨਰੀਆਂ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਅਜਿਹੀ ਸਥਿਤੀ ਵਿਚ ਤੇਲ ਡਿਪੂਆਂ ਤੋਂ ਪੈਟਰੋਲ ਅਤੇ ਡੀਜ਼ਲ ਵਾਹਨਾਂ ਦਾ ਦਾਖਲਾ ਅਤੇ ਨਿਕਾਸ ਲਗਭਗ ਬੰਦ ਹੋ ਗਿਆ ਹੈ, ਜਿਸ ਦਾ ਅਸਰ ਸੂਬੇ ਭਰ ਦੇ ਪੈਟਰੋਲ ਪੰਪਾਂ ‘ਤੇ ਦਿਖਾਈ ਦੇਣ ਲੱਗਾ ਹੈ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਭਰ ਦੀਆਂ ਵੱਖ-ਵੱਖ ਡਰਾਈਵਰ ਐਸੋਸੀਏਸ਼ਨਾਂ ਨੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਵਿਚ ਉਹ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨ ਵਿਚ ਸੋਧ ਦੀ ਮੰਗ ‘ਤੇ ਅੜੇ ਹੋਏ ਹਨ।