ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ ਪੰਜਾਬ ਵਿਚ ਕਈ ਨਵੀਆਂ ਸ਼ੁਰੂਆਤਾਂ ਹੋਣ ਜਾ ਰਹੀਆਂ ਹਨ। ਕੈਨੇਡਾ ਦੀ ਤਰਜ਼ ‘ਤੇ ਲੋਕਾਂ ਨੂੰ ਸੜਕ ਸੁਰੱਖਿਆ ਬਲ ਦਾ ਤੋਹਫਾ ਮਿਲੇਗਾ। ਅੱਜ ਤੋਂ ਸੇਵਾ ਕੇਂਦਰਾਂ ਅਤੇ ਸਕੂਲਾਂ ਦਾ ਸਮਾਂ ਵੀ ਬਦਲਿਆ ਗਿਆ ਹੈ। ਇਸ ਦੇ ਨਾਲ ਹੀ 2 ਵੰਦੇ ਭਾਰਤ ਟ੍ਰੇਨਾਂ ਪਹਿਲੇ ਹਫ਼ਤੇ ਉਪਲਬਧ ਹੋਣਗੀਆਂ। ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਬਦਲਾਅ ਹੋਣਗੇ।

ਸੜਕ ਸੁਰੱਖਿਆ ਫੋਰਸ ਸੰਭਾਲੇਗੀ ਮੋਰਚਾ
ਸੂਬੇ ਦੀਆਂ ਸੜਕਾਂ ‘ਤੇ ਲੋਕਾਂ ਦੀ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਕੈਨੇਡਾ ਦੀ ਤਰਜ਼ ‘ਤੇ ਬਣਾਈ ਗਈ ਰੋਡ ਸੇਫਟੀ ਫੋਰਸ ਇਸ ਮਹੀਨੇ ਚਾਰਜ ਸੰਭਾਲ ਲਵੇਗੀ। ਫੋਰਸ ਦੀ ਸਿਖਲਾਈ ਪੂਰੀ ਹੋ ਚੁੱਕੀ ਹੈ। ਜਲਦੀ ਹੀ ਮੁੱਖ ਮੰਤਰੀ ਇਸ ਫੋਰਸ ਨੂੰ ਤਾਇਨਾਤ ਕਰਨ ਲਈ ਹਰੀ ਝੰਡੀ ਦੇਣਗੇ। ਫੋਰਸ ਵਿਚ 1500 ਜਵਾਨ ਸ਼ਾਮਲ ਹਨ। ਇਸ ਵਿਚ ਮਹਿਲਾ ਪੁਲਿਸ ਮੁਲਾਜ਼ਮ ਵੀ ਹਨ। ਇਸ ਫੋਰਸ ਨੂੰ ਹਾਈਵੇਅ ‘ਤੇ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕੋਲ ਸਾਰੇ ਆਧੁਨਿਕ ਵਾਹਨ ਅਤੇ ਉਪਕਰਨ ਹੋਣਗੇ।
ਸਕੂਲਾਂ ਦਾ ਸਮਾਂ ਬਦਲਿਆ
ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਅੱਜ ਤੋਂ ਬਦਲ ਜਾਵੇਗਾ। ਸਕੂਲ ਸਵੇਰੇ 9 ਵਜੇ ਦੀ ਬਜਾਏ 10 ਵਜੇ ਸ਼ੁਰੂ ਹੋਣਗੇ, ਜਦਕਿ ਛੁੱਟੀ 3 ਵਜੇ ਹੋਵੇਗੀ। ਸਰਦੀਆਂ ਕਾਰਨ ਸਮਾਂ ਬਦਲਿਆ ਗਿਆ ਹੈ। ਇਹ ਹੁਕਮ 14 ਜਨਵਰੀ ਤਕ ਲਾਗੂ ਰਹੇਗਾ।
ਸੇਵਾ ਕੇਂਦਰਾਂ ਦਾ ਸਮਾਂ ਵੀ ਬਦਲਿਆ
ਠੰਢ ਕਾਰਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਸੇਵਾ ਕੇਂਦਰਾਂ ਦਾ ਸਮਾਂ ਵੀ ਬਦਲ ਦਿਤਾ ਗਿਆ ਹੈ। 2 ਜਨਵਰੀ ਤੋਂ 10 ਜਨਵਰੀ ਤਕ ਸਾਰੇ ਸੇਵਾ ਕੇਂਦਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਖੁੱਲ੍ਹਣਗੇ।
ਵਿਦਿਆਰਥੀਆਂ ਦੀ ਆਨਲਾਈਨ ਹਾਜ਼ਰੀ
ਪੰਜਾਬ ਦੇ ਸਾਰੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਆਨਲਾਈਨ ਹੋਵੇਗੀ। ਇਸ ਦੇ ਪਿੱਛੇ ਵਿਚਾਰ ਇਹ ਹੈ ਕਿ ਵਿਦਿਆਰਥੀਆਂ ਬੰਕ ਨਾ ਲਗਾਉਣ ਅਤੇ ਉਨ੍ਹਾਂ ਦੀ ਹਾਜ਼ਰੀ ਸਕੂਲਾਂ ਵਿਚ ਪੂਰੀ ਹੋਵੇਗੀ। ਰੋਜ਼ਾਨਾ ਹਾਜ਼ਰੀ ਤੋਂ ਬਾਅਦ ਵਿਦਿਆਰਥੀਆਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਹਾਜ਼ਰੀ ਸਬੰਧੀ ਉਨ੍ਹਾਂ ਦੇ ਫ਼ੋਨ ‘ਤੇ ਸੁਨੇਹਾ ਭੇਜਿਆ ਜਾਵੇਗਾ।
2 ਵੰਦੇ ਭਾਰਤ ਟ੍ਰੇਨਾਂ
2 ਵੰਦੇ ਭਾਰਤ ਟ੍ਰੇਨਾਂ ਜਨਵਰੀ ਦੇ ਪਹਿਲੇ ਹਫ਼ਤੇ ਉਪਲਬਧ ਹੋਣਗੀਆਂ। ਇਨ੍ਹਾਂ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਦਸੰਬਰ ਨੂੰ ਅਯੁੱਧਿਆ ਵਿਚ ਕੀਤਾ ਸੀ। ਇਸ ‘ਚ ਪਹਿਲੀ ਟਰੇਨ 4 ਜਨਵਰੀ ਅਤੇ ਦੂਜੀ 6 ਜਨਵਰੀ ਤੋਂ ਸ਼ੁਰੂ ਹੋਵੇਗੀ। ਇਨ੍ਹਾਂ ਵਿਚ ਅੰਮ੍ਰਿਤਸਰ ਤੋਂ ਚੱਲਣ ਵਾਲੀ ਵੰਦੇ ਭਾਰਤ ਅੰਮ੍ਰਿਤਸਰ ਤੋਂ ਇਲਾਵਾ ਜਲੰਧਰ ਅਤੇ ਲੁਧਿਆਣਾ ਵਿਖੇ 2-2 ਮਿੰਟ ਰੁਕੇਗੀ। ਕਟੜਾ ਜਾਣ ਵਾਲੀ ਟਰੇਨ ਦਾ ਵੀ ਜਲੰਧਰ ਅਤੇ ਲੁਧਿਆਣਾ ਵਿਖੇ 2-2 ਮਿੰਟ ਦਾ ਸਟਾਪੇਜ ਹੋਵੇਗਾ।
ਸਰਕਾਰੀ ਹਸਪਤਾਲਾਂ ਵਿਚ ਐਕਸ-ਰੇ-ਅਲਟਰਾਸਾਊਂਡ ਦੀ ਸਹੂਲਤ
ਨਵੇਂ ਵਰ੍ਹੇ ਮੌਕੇ ਸੂਬੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਵੀ ਮਿਲਣਗੀਆਂ। ਲੋਕਾਂ ਨੂੰ ਹੁਣ ਸਰਕਾਰੀ ਹਸਪਤਾਲਾਂ ਵਿਚ ਐਕਸਰੇ ਅਤੇ ਅਲਟਰਾਸਾਊਂਡ ਦੀਆਂ ਸਾਰੀਆਂ ਸਹੂਲਤਾਂ ਮਿਲਣਗੀਆਂ। ਇਹ ਪ੍ਰਕਿਰਿਆ 26 ਜਨਵਰੀ ਤਕ ਪੂਰੀ ਕਰ ਲਈ ਜਾਵੇਗੀ।
1800 ਪੁਲਿਸ ਮੁਲਾਜ਼ਮਾਂ ਦੀ ਭਰਤੀ
ਪੰਜਾਬ ਪੁਲਿਸ ਵਿਚ ਇਸ ਮਹੀਨੇ 1800 ਪੁਲਿਸ ਮੁਲਾਜ਼ਮਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਪੁਲਿਸ ਨੇ ਭਰਤੀ ਪ੍ਰਕਿਰਿਆ ਲਈ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਭਰਤੀ ਲਈ ਇਸ਼ਤਿਹਾਰ ਜਾਰੀ ਕਰਨ ਦੀ ਪ੍ਰਕਿਰਿਆ ਇਸ ਮਹੀਨੇ ਦੀ 15 ਜਨਵਰੀ ਤਕ ਪੂਰੀ ਕਰ ਲਈ ਜਾਵੇਗੀ। ਇਸ ਦੇ ਨਾਲ ਹੀ, ਇਹ ਭਰਤੀ ਪ੍ਰਕਿਰਿਆ ਇਕ ਸਾਲ ਦੇ ਅੰਦਰ-ਅੰਦਰ ਮੁਕੰਮਲ ਕਰ ਲਈ ਜਾਵੇਗੀ।