ਦੇਸ਼ ਵਿਚ ਨਿਜੀ ਖਪਤ 2013 ਵਿਚ 1,000 ਅਰਬ ਅਮਰੀਕੀ ਡਾਲਰ ਤੋਂ ਲਗਭਗ ਦੁੱਗਣੀ ਹੋ ਕੇ 2024 ਤਕ 2,100 ਅਰਬ ਅਮਰੀਕੀ ਡਾਲਰ ਹੋ ਗਈ ਹੈ। ਇਹ ਸਾਲਾਨਾ 7.2 ਫ਼ੀ ਸਦੀ ਦੀ ਦਰ ਨਾਲ ਵਧ ਰਿਹਾ ਹੈ, ਜੋ ਕਿ ਅਮਰੀਕਾ, ਚੀਨ ਅਤੇ ਜਰਮਨੀ ਤੋਂ ਵੱਧ ਹੈ। ਡੀਲੋਇਟ ਇੰਡੀਆ ਦੁਆਰਾ ਵੀਰਵਾਰ ਨੂੰ ਰਿਟੇਲਰਜ਼ ਐਸੋਸੀਏਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਜਾਰੀ ਕੀਤੀ ਗਈ ‘ਭਾਰਤ ਦਾ ਬਦਲਦਾ ਵਿਵੇਕਾਧੀਨ ਖ਼ਰਚ:ਬ੍ਰਾਂਡ ਲਈ ਅਹਿਮ ਕੁੰਜੀ’ ਸਿਰਲੇਖ ਵਾਲੀ ਰਿਪੋਰਟ ਵਿਚ ਕਿਹਾ ਗਿਆ, 2026 ਤਕ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਖਪਤਕਾਰ ਬਾਜ਼ਾਰ ਬਣਨ ਦੇ ਰਾਹ ’ਤੇ ਅੱਗੇ ਵਧਦੇ ਹੋਏ ਭਾਰਤ ਜਨਸੰਖਿਆ ਲਾਭਅੰਸ਼ ਦਾ ਲਾਭ ਲੈਣ ਲਈ ਚੰਗੀ ਸਥਿਤੀ ’ਚ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਰਮਨੀ ਨੂੰ ਪਿੱਛੇ ਛੱਡਦੇ ਹੋਏ ਭਾਰਤ ਦੀ ਨਿਜੀ ਖਪਤ 2013 ਦੇ 1000 ਅਰਬ ਡਾਲਰ ਤੋਂ ਲਗਭਗ ਦੁਗਣੀ ਹੋ ਕੇ 2024 ’ਚ 2100 ਅਰਬ ਡਾਲਰ ਹੋ ਗਈ ਹੈ। ਭਾਰਤ ਦੀ ਖਪਤ 2013-23 ਦੌਰਾਨ ਸਾਲਾਨਾ 7.2 ਫ਼ੀ ਸਦੀ ਦੀ ਦਰ ਨਾਲ ਵਧੀ ਹੈ, ਜੋ ਚੀਨ, ਅਮਰੀਕਾ ਅਤੇ ਜਰਮਨੀ ਤੋਂ ਵੱਧ ਹੈ। ਇਸ ਵਿੱਚ ਕਿਹਾ ਗਿਆ ਹੈ, ‘‘ ਸਾਲ 2030 ਤਕ 10,000 ਅਮਰੀਕੀ ਡਾਲਰ ਤੋਂ ਵੱਧ ਦੀ ਕਮਾਈ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਲਗਭਗ ਤਿੰਨ ਗੁਣਾ ਹੋਣ ਦੀ ਉਮੀਦ ਹੈ, ਜੋ 2024 ਦੇ 6 ਕਰੋੜ ਤੋਂ ਵਧ ਕੇ 2030 ਵਿਚ 16.5 ਕਰੋੜ ਹੋ ਜਾਵੇਗੀ।
ਇਹ ਦੇਸ਼ ਦੇ ਮੱਧ ਵਰਗ ਦੇ ਮਹੱਤਵਪੂਰਨ ਵਾਧੇ ਅਤੇ ਅਖ਼ਤਿਆਰੀ ਖ਼ਰਚਿਆਂ ਵਲ ਇਕ ਬੁਨਿਆਦੀ ਤਬਦੀਲੀ ਨੂੰ ਦਰਸ਼ਾਉਂਦਾ ਹੈ।’’ ਡੈਲੋਇਟ ਇੰਡੀਆ ਦੇ ਪਾਰਟਰ ਆਨੰਦ ਰਾਮਨਾਥਨ ਨੇ ਕਿਹਾ, “ਭਾਰਤ ਦੇ ਉਪਭੋਗਤਾ ਲੈਂਡਸਕੇਪ ਵਿਚ ਬੁਨਿਆਦੀ ਤਬਦੀਲੀ ਆ ਰਹੀ ਹੈ। ਵਿਵੇਕਸ਼ੀਲ ਖ਼ਰਚਿਆਂ ਵਿਚ ਵਾਧਾ, ਡਿਜ਼ੀਟਲ ਵਣਜ ਦਾ ਵਿਸਤਾਰ ਅਤੇ ਕ੍ਰੈਡਿਟ ਤਕ ਵਧਦੀ ਪਹੁੰਚ ਬ੍ਰਾਂਡ ਦੀ ਸ਼ਮੂਲੀਅਤ ਦੇ ਨਿਯਮਾਂ ਨੂੰ ਮੁੜ ਪਰਿਭਾਸ਼ਿਤ ਕਰ ਰਹੇ ਹਨ।’’
ਰਿਟੇਲਰਜ਼ ਐਸੋਸੀਏਸ਼ਨ ਆਫ਼ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਕੁਮਾਰ ਰਾਜਗੋਪਾਲਨ ਨੇ ਕਿਹਾ ਕਿ ਭਾਰਤ ਦਾ ਅਖ਼ਿਤਿਆਰੀ ਖ਼ਰਚ ਵਿਕਾਸ ਦੇ ਇਕ ਨਵੇਂ ਪੜਾਅ ਵਿਚ ਦਾਖ਼ਲ ਹੋ ਰਿਹਾ ਹੈ, ਜੋ ਕਿ ਵਧਦੀ ਆਮਦਨੀ, ਡਿਜ਼ੀਟਲੀਕਰਨ ਅਤੇ ਖਪਤਕਾਰਾਂ ਦੀਆਂ ਤਰਜੀਹਾਂ ਨੂੰ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ, ‘‘ਜਿਵੇਂ ਜਿਵੇਂ ਸੰਗਠਿਤ ਪ੍ਰਚੂਨ ਅਤੇ ਨਵੇਂ ਵਪਾਰਕ ਮਾਡਲਾਂ ਦਾ ਵਿਸਤਾਰ ਹੋਵੇਗਾ, ਇਨ੍ਹਾਂ ਰੁਝਾਨਾਂ ਨਾਲ ਤਾਲਮੇਲ ਕਰਨ ਵਾਲੇ ਕਾਰੋਬਾਰਾਂ ਨੂੰ ਵਿਕਾਸ ਅਤੇ ਨਵੀਨਤਾ ਦੇ ਬੇਅੰਤ ਮੌਕੇ ਮਿਲਣਗੇ।’’