ਭਾਜਪਾ ਲਈ ਜਬਲਪੁਰ ਵਿਚ ਕੀਤਾ ਚੋਣ ਪ੍ਰਚਾਰ
ਨਵੀਂ ਦਿੱਲੀ : ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਖਸ਼ਸ਼ ਰੂਪੀ ਦਰਿੰਦੇ ਤੇ ਸਿੱਖਾਂ ਦੇ ਕਾਤਲ ਕਮਲਨਾਥ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਦੇਣ ਤਾਂ ਜੋ ਉਹ ਹਮੇਸ਼ਾ ਯਾਦ ਰੱਖੇ।
ਇਥੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਕਮਲਨਾਥ ਨੂੰ ਮੌਜੂਦਾ ਚੋਣਾਂ ਵਿਚ ਮੁੱਖ ਮੰਤਰੀ ਅਹੁਦੇ ਲਈ ਚੇਹਰਾ ਬਣਾਇਆ ਹੈ ਤੇ ਅਜਿਹਾ ਕਰਦਿਆਂ ਉਹ ਭੁੱਲ ਗਈ ਹੈ ਕਿ ਉਸਨੇ ਦਿੱਲੀ ਵਿਚ ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦੋ ਸਿੱਖਾਂ ਦਾ ਕਤਲੇਆਮ ਕੀਤਾ ਸੀ। ਉਹਨਾਂ ਕਿਹਾ ਕਿ ਇਸ ਕੇਸ ਵਿਚ ਕਮਲਨਾਥ ਦੇ ਸਾਥੀ ਵੀ ਉਸਦੇ ਹਲਕੇ ਛਿੰਦਵਾੜਾ ਦੇ ਰਹਿਣ ਵਾਲੇ ਸਨ ਜਿਹਨਾਂ ਦਾ ਦਿੱਲੀ ਵਿਚ ਐਡਰੈਸ ਕਮਲਨਾਥ ਦੇ ਸਰਵੈਂਟ ਕੁਆਰਟਰਾਂ ਵਾਲਾ ਵਿਖਾਇਆ ਗਿਆਸੀ।
ਉਹਨਾਂ ਕਿਹਾ ਕਿ ਕਾਂਗਰਸ ਨੇ ਦਹਾਕਿਆਂ ਤੱਕ ਉਸਦਾ ਬਚਾਅ ਕੀਤਾ ਪਰ ਕੇਂਦਰ ਵਿਚ ਮੋਦੀ ਸਰਕਾਰ ਬਣਨ ਮਗਰੋਂ ਅਸੀਂ ਗ੍ਰਹਿ ਮੰਤਰਾਲੇ ਕੋਲ ਪਹੁੰਚ ਕੀਤੀ ਜਿਸਨੇ ਕਮਲਨਾਥ ਖਿਲਾਫ ਕੇਸ ਮੁੜ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਅਤੇ ਹੁਣ ਉਹ ਮਨੁੱਖਤਾ ਖਿਲਾਫ ਆਪਣੇ ਘਿਨੌਣੇ ਅਪਰਾਧਾਂ ਵਾਸਤੇ ਜੇਲ੍ਹ ਜਾਵੇਗਾ।
ਸਰਦਾਰ ਸਿਰਸਾ ਨੇ ਕਿਹਾ ਕਿ ਜਿਹਨਾਂ ਦਾ 1984 ਦੇ ਸਿੱਖ ਕਤਲੇਆਮ ਵੇਲੇ ਕਤਲ ਹੋਇਆ, ਉਹ ਮੱਧ ਪ੍ਰਦੇਸ਼ ਦੇ ਲੋਕਾਂ ਦੇ ਭੈਣ ਭਰਾਵਾਂ ਵਰਗੇ ਸਨ। ਉਹਨਾਂ ਕਿਹਾ ਕਿ ਜਿਹਨਾਂ ਧੀਆਂ ਦੀ ਕਮਲਨਾਥ ਵਰਗੇ ਗੁੰਡਿਆਂ ਨੇ ਪੱਤ ਰੋਲੀ ਉਹ ਲੋਕਾਂ ਦੀਆਂ ਧੀਆਂ ਭੈਣਾਂ ਵਰਗੀਆਂ ਸਨ। ਉਹਨਾਂ ਨੇ ਲੋਕਾਂ ਨੂੰ ਸਵਾਲ ਕੀਤਾਕਿ ਕੀ ਉਹ ਅਜਿਹੇ ਰਾਖਸ਼ਸ਼ ਰੂਪੀ ਦੈਂਤ ਨੂੰ ਆਪਣਾ ਆਗੂ ਮੰਨਣ ਲਈ ਤਿਆਰ ਹਨ? ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਮਲਨਾਥ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਨੂੰ ਅਜਿਹੀ ਕਰਾਰੀ ਹਾਰ ਦੇਣ ਕਿ ਉਹ ਜ਼ਿੰਦਗੀ ਭਰ ਯਾਦ ਰੱਖੇ।
ਉਹਨਾਂ ਕਿਹਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਹਨ ਜੋ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ ਤੇ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਸੀਸ ਨਿਵਾਉਂਦੇ ਹਨ ਤੇ ਦੂਜੇ ਪਾਸੇ ਕਮਲਨਾਥ ਹੈ ਜੋ ਗੁਰਦੁਆਰਾ ਸਾਹਿਬ ਵਿਚ ਸਿੱਖਾਂ ਦਾ ਕਤਲ ਕਰਦਾ ਹੈ ਤੇ ਗੁਰਦੁਆਰਾ ਸਾਹਿਬ ਨੂੰ ਅੱਗ ਲਾਉਂਦਾ ਹੈ। ਉਹਨਾਂ ਕਿਹਾ ਕਿ ਜੋ ਵਿਅਕਤੀ ਗੁਰੂ ਦਾ ਨਹੀਂ ਬਣ ਸਕਿਆ, ਉਸ ਤੋਂ ਮਨੁੱਖਤਾ ਦੇ ਸਤਿਕਾਰ ਦੀ ਕੀ ਆਸ ਰੱਖੀ ਜਾ ਸਕਦੀ ਹੈ।
ਪ੍ਰਧਾਨ ਮੰਤਰੀ ਸ੍ਰੀ ਮੋਦੀ ਵੱਲੋਂ ਸਿੱਖਾਂ ਲਈ ਕੀਤੇ ਕੰਮਾਂ ਦੀ ਚਰਚਾ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿਚ ਸ੍ਰੀ ਨਰਿੰਦਰ ਮੋਦੀ ਨੇ ਸਿੱਖਾਂ ਲਈ ਉਹ ਕਰ ਵਿਖਾਇਆ ਹੈ ਜੋ ਪਿਛਲੇ 70 ਸਾਲਾਂ ਵਿਚ ਹੁਣ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਐਸ ਆਈ ਟੀ ਦਾ ਗਠਨ ਕੀਤਾ ਜਿਸਨੇ 1984 ਦੇ ਸਿੱਖ ਕਤਲੇਆਮ ਕੇਸਾਂ ਦੀ ਮੁੜ ਜਾਂਚ ਕਰ ਕੇ ਇਹ ਯਕੀਨੀ ਬਣਾਇਆ ਕਿ ਸੱਜਣ ਕੁਮਾਰ ਤੇਹੋਰ ਦੋਸ਼ੀ ਸਲਾਖ਼ਾਂ ਪਿੱਛੇ ਹੋਣ। ਹੁਣ ਜਗਦੀਸ਼ ਟਾਈਟਲਰ ਤੇ ਕਮਲਨਾਥ ਦੀ ਵਾਰੀ ਹੈ ਤੇ ਇਹ ਵੀ ਆਪਣੇ ਕੁਕਰਮਾਂ ਲਈ ਜੇਲ੍ਹ ਜਾਣਗੇ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਰਤਾਰਪੁਰ ਸਾਹਿਬ ਲਾਂਘੇ ਦੀ ਯੋਜਨਾ ਬਣਾ ਕੇ ਉਸਨੂੰ ਅਮਲੀ ਜਾਮਾ ਪਹਿਨਾਇਆ ਜਿਸਦੀ ਬਦੌਲਤ ਸਿੱਖ ਭਾਈਚਾਰਾ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਬਿਨਾਂ ਵੀਜ਼ੇ ਤੋਂ ਕਰ ਰਿਹਾ ਹੈ। ਇਸੇ ਤਰੀਕੇ ਸ਼੍ਰੋਮਣੀ ਕਮੇਟੀ ਨੂੰ ਐਫ ਸੀ ਆਰ ਏ ਦੀ ਪ੍ਰਵਾਨਗੀ ਦਿੱਤੀ ਗਈਜਿਸਦੀ ਬਦੌਲਤ ਹੁਣ ਵਿਦੇਸ਼ਾਂ ਵਿਚ ਬੈਠੀਆਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਲਈ ਆਪਣੀ ਭੇਟਾ ਭੇਜ ਸਕਦੀਆਂ ਹਨ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਗੁਰੂ ਨਾਨਕ ਦੇਵਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੱਡੀ ਪੱਧਰ ’ਤੇ ਮਨਾਇਆ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਉਸੇ ਲਾਲ ਕਿਲ੍ਹੇ ’ਤੇ ਮਨਾਇਆ ਜਿਥੋਂ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦੇ ਹੁਕਮ ਜਾਰੀ ਹੋਏ ਸਨ।
ਉਹਨਾਂ ਕਿਹਾ ਕਿ ਪਿਛਲੇ 9 ਸਾਲਾਂ ਵਿਚ ਮੋਦੀ ਸਰਕਾਰ ਨੇ ਸਿੱਖ ਭਾਈਚਾਰੇ ਲਈ ਬਹੁਤ ਕੁਝ ਕੀਤਾ ਹੈ।
ਉਹਨਾਂ ਨੇ ਇਸ ਮੌਕੇ ’ਮੋਦੀ ਅਤੇ ਸਿੱਖ: 9 ਸਾਲਾਂ ਦਾ ਸਫਰ’ ਪੁਸਤਕ ਵੀ ਸਾਂਝੀ ਕੀਤੀ ਤੇ ਦੱਸਿਆ ਕਿ ਇਸ ਵਿਚ ਪ੍ਰਧਾਨ ਮੰਤਰੀ ਵੱਲੋਂ ਸਿੱਖ ਭਾਈਚਾਰੇ ਲਈ ਕੀਤੇ ਕੰਮਾਂ ਦਾ ਵਿਸਥਾਰ ਵਿਚ ਵਰਣਨ ਹੈ।