ਗੁਜਰਾਤ ਦੇ ਅਮਰੇਲੀ ‘ਚ ਬੋਰਵੈੱਲ ‘ਚ ਡਿੱਗੀ ਲੜਕੀ ਜ਼ਿੰਦਗੀ ਦੀ ਜੰਗ ਹਾਰ ਗਈ। ਐਨਡੀਆਰਐਫ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਰੋਹੀ ਨਾਮ ਦੀ ਇਸ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ। ਉਹ ਸਿਰਫ਼ ਡੇਢ ਸਾਲ ਦੀ ਸੀ ਅਤੇ ਹੋਰ ਬੱਚਿਆਂ ਨਾਲ ਖੇਡ ਰਹੀ ਸੀ ਕਿ ਅਚਾਨਕ ਬੋਰਵੈੱਲ ਵਿਚ ਡਿੱਗ ਗਈ।
ਇਹ ਘਟਨਾ ਅਮਰੇਲੀ ਦੇ ਸੁਰਗਪੁਰਾ ਪਿੰਡ ਦੀ ਹੈ ਜਿੱਥੇ ਆਰੋਹੀ ਬੋਰਵੈੱਲ ‘ਚ ਡਿੱਗ ਗਈ ਸੀ। NDRF ਅਤੇ ਅਮਰੇਲੀ ਦੇ ਫਾਇਰ ਵਿਭਾਗ ਨੇ 17 ਘੰਟੇ ਤੱਕ ਆਰੋਹੀ ਨੂੰ ਬੋਰਵੈੱਲ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ। ਜਦੋਂ ਆਰੋਹੀ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਦੀ ਮੌਤ ਹੋ ਗਈ।
ਆਰੋਹੀ ਨੂੰ ਬੋਰਵੈੱਲ ਤੋਂ ਜ਼ਿੰਦਾ ਕੱਢਣ ਲਈ 17 ਘੰਟਿਆਂ ਤੱਕ ਆਪਰੇਸ਼ਨ ਚਲਾਇਆ ਗਿਆ। ਜਦੋਂ ਅਰੋਹੀ ਨੂੰ ਬੋਰਵੈੱਲ ਤੋਂ ਬਾਹਰ ਕੱਢ ਕੇ ਜਾਂਚ ਕੀਤੀ ਗਈ ਤਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਆਰੋਹੀ ਨੂੰ ਮ੍ਰਿਤਕ ਐਲਾਨ ਦਿੱਤਾ।ਇਸ ਤੋਂ ਬਾਅਦ ਆਰੋਹੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਜਾਇਆ ਗਿਆ। ਆਰੋਹੀ ਦੀ ਮੌਤ ਤੋਂ ਬਾਅਦ ਉਸ ਦੇ ਘਰ ‘ਚ ਸੋਗ ਦਾ ਮਾਹੌਲ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਇੱਕ ਬੱਚੇ ਦੇ ਬੋਰਵੈੱਲ ਵਿੱਚ ਡਿੱਗਣ ਦੀ ਘਟਨਾ ਸਾਹਮਣੇ ਆਈ ਸੀ ਅਤੇ ਉਸ ਬੱਚੇ ਦੀ ਵੀ ਮੌਤ ਹੋ ਗਈ ਸੀ। 40 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਵੀ 6 ਸਾਲਾ ਮਾਸੂਮ ਮਯੰਕ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਜਦੋਂ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਦੀ ਮੌਤ ਹੋ ਗਈ।