ਫਾਜ਼ਿਲਕਾ ਦੇ ਰੇਲਵੇ ਜੰਕਸ਼ਨ ਤੇ ਬੀਤੀ ਸ਼ਾਮ ਨੂੰ ਇੱਕ ਭਿਆਨਕ ਹਾਦਸਾ ਵਾਪਰ ਗਿਆ। ਕਣਕ ਦੀਆਂ ਬੋਰੀਆਂ ਲੱਦ ਦੇ ਸਮੇਂ ਮਾਲ ਗੱਡੀ ਦਾ ਇੱਕ ਡੱਬਾ ਹੀ ਪਲਟ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਾਲ ਗੱਡੀ ਦੇ ਡੱਬੇ ਚ ਕਣਕ ਦੀਆਂ ਬੋਰੀਆਂ ਨੂੰ ਲੋਡ ਕੀਤਾ ਜਾ ਰਿਹਾ ਸੀ। ਅਚਾਨਕ ਜਦੋਂ ਡੱਬਾ ਪਲਟਿਆ ਤਾ ਕਈ ਮਜ਼ਦੂਰ ਇਸਦੇ ਹੇਠਾਂ ਦੱਬ ਗਏ ਪਰੰਤੂ ਨਾਲ ਦੇ ਮਜ਼ਦੂਰਾਂ ਦੇ ਵੱਲੋਂ ਤੁਰੰਤ ਆਪਰੇਸ਼ਨ ਚਲਾਇਆ ਗਿਆ ਅਤੇ ਜ਼ਖਮੀ ਹੋਏ ਮਜ਼ਦੂਰਾਂ ਨੂੰ ਤੁਰੰਤ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ
ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਟਰੱਕ ਚਾਲਕ ਦਾ ਕੰਮ ਕਰਨ ਵਾਲੇ ਅਤੇ ਮਜ਼ਦੂਰਾਂ ਨੇ ਦੱਸਿਆ ਕਿ ਮਾਲ ਗੱਡੀ ਪਲੇਟਫਾਰਮ ਤੇ ਸੀ। ਇਸੀ ਦੌਰਾਨ ਬਾਕੀ ਦੇ ਮਜ਼ਦੂਰ ਇਸ ਡੱਬੇ ਦੇ ਵਿੱਚ ਕਣਕ ਦੀ ਬੋਰੀਆਂ ਲੋਡ ਕਰ ਰਹੇ ਸੀ। ਅਚਾਨਕ ਜਦੋਂ ਗੱਡੀ ਨੂੰ ਝਟਕਾ ਲੱਗਾ ਤਾਂ ਇਹ ਡੱਬਾ ਦੂਸਰੇ ਟਰੈਕ ਦੇ ਉੱਤੇ ਪਲਟ ਗਿਆ। ਜਿਸ ਤੋਂ ਬਾਅਦ ਮੌਕੇ ਤੇ ਚੀਕ ਚਿਹਾੜਾ ਪੈ ਗਿਆ। ਨਾਲ ਦੇ ਮਜ਼ਦੂਰਾਂ ਨੇ ਤੁਰੰਤ ਰੈਸਕਿਊ ਆਪਰੇਸ਼ਨ ਚਲਾਉਂਦੇ ਹੋਏ ਬੋਰੀਆਂ ਨੂੰ ਹਟਾਇਆ ਅਤੇ ਦੱਬੇ ਹੋਏ ਮਜ਼ਦੂਰਾਂ ਨੂੰ ਤੁਰੰਤ ਬਾਹਰ ਕੱਢ ਲਿਆ।ਹਾਲਾਂਕਿ ਇਸ ਮੌਕੇ ਤੇ ਮਜ਼ਦੂਰਾਂ ਦੇ ਵੱਲੋਂ ਤੁਰੰਤ ਹੀ ਰੇਲਵੇ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਤੇ ਜਾਂਚ ਦੀ ਗੱਲ ਆਖੀ ਹੈ ਕਿ ਆਖਿਰ ਕਿਵੇਂ ਇਹ ਭਿਆਨਕ ਹਾਦਸਾ ਵਾਪਰ ਗਿਆ ਕਿਉਂਕਿ ਇਸ ਹਾਦਸੇ ਦੇ ਕਾਰਨ ਕਈ ਲੋਕਾਂ ਦੀ ਜਾਨ ਵੀ ਜਾ ਸਕਦੀ ਸੀ।