ਇਟਲੀ ਵਿੱਚ ਭਾਰਤੀ ਭਾਈਚਾਰੇ ਦੀਆਂ ਧੀਆਂ ਆਪਣੀ ਕਾਬਲੀਅਤ ਤੇ ਦ੍ਰਿੜ ਇਰਾਦਿਆਂ ਨਾਲ ਵਿੱਦਿਆਕ ਖੇਤਰਾਂ ਵਿੱਚ ਅਜਿਹੀਆਂ ਲੀਹਾਂ ਪਾ ਰਹੀਆਂ ਹਨ ਜਿਹਨਾਂ ਉਪੱਰ ਤੁਰਨਾ ਸ਼ਾਇਦ ਹੋਰ ਦੇਸ਼ਾਂ ਦੀਆਂ ਕੁੜੀਆਂ ਦੇ ਵੀ ਵੱਸ ਦੀ ਗੱਲ ਨਹੀਂ। ਇਟਲੀ ਵਿਚ ਭਾਰਤੀ ਧੀਆਂ ਦੀ ਕਾਮਯਾਬੀ ਨੂੰ ਦੇਖ ਕੇ ਇਟਾਲੀਅਨ ਲੋਕ ਹੈਰਾਨ ਹੁੰਦੇ ਹਨ। ਉਹ ਆਪਣੇ ਬੱਚਿਆਂ ਨੂੰ ਉਦਾਹਰਣਾ ਦੇਕੇ ਕਹਿੰਦੇ ਹਨ ਸੱਚ ਵਿਚ ਭਾਰਤੀ ਲੋਕ ਚਾਹੇ ਉਹ ਬੱਚੇ ਹਨ ਜਾਂ ਵੱਡੇ ਕੁਝ ਵੀ ਕਰ ਸਕਦੇ ਹਨ ਇਹਨਾਂ ਦੀ ਮਿਹਨਤ ਨੂੰ ਸਲਾਮ ਹੈ।

    ਅਜਿਹੀਆਂ ਹੀ ਦੋ ਪੰਜਾਬ ਦੀਆਂ ਧੀਆਂ ਨੂੰ ਅਸੀਂ ਆਪਣੇ ਪਾਠਕਾਂ ਨੂੰ ਮਿਲਾਉਣ ਜਾ ਰਹੇ ਹਨ ਜਿਹਨਾਂ ਨੇ ਵਿੱਦਿਆਦਕ ਖੇਤਰ ਵਿਚ ਕਾਮਯਾਬੀ ਦੇ ਝੰਡੇ ਗੱਡੇ ਅਤੇ ਇਹਨਾਂ ਨੂੰ ਵੱਖ-ਵੱਖ ਕੰਪਨੀਆਂ ਨੇ ਕੰਮ ਲਈ ਵੀ ਸੱਦੇ ਪੱਤਰ ਵੀ ਭੇਜੇ ਹਨ। ਪੰਜਾਬ ਦਾ ਮਾਣ ਵਧਾਉਣ ਵਾਲੀਆਂ ਇਹ ਧੀਆਂ ਹਨ ਪਿੰਡ ਨਡਾਲਾ (ਕਪੂਰਥਲਾ) ਦੇ ਸਰਵਣ ਸਿੰਘ ਤੇ ਜਤਿੰਦਰ ਕੌਰ ਦੀ ਲਾਡਲੀਆਂ ਸੰਤਾਨਾਂ ਅਰਸ਼ਪ੍ਰੀਤ ਕੌਰ (22) ਅਤੇ ਜਸਕਿਰਨ ਕੌਰ (20)। ਜਿਹੜੀਆਂ ਬਚਪਨ ਵਿੱਚ ਹੀ ਇਟਲੀ ਪਰਿਵਾਰ ਨਾਲ ਆ ਵਸੀਆਂ ਸਨ।

    ਅਰਸ਼ਪ੍ਰੀਤ ਕੌਰ ਪੜ੍ਹਾਈ ਦੇ ਖੇਤਰ ਵਿੱਚ ਮਸ਼ਹੂਰ ਜਾਣੀ ਜਾਂਦੀ ਹੈ। ਅਰਸ਼ਪ੍ਰੀਤ ਕੌਰ ਨੇ ਦੁਨੀਆ ਦੀ ਸੱਤਵੇਂ ਨੰਬਰ ਅਤੇ ਯੂਰਪ ਦੀ ਦੂਜੇ ਨੰਬਰ ਦੀ ਇਟਲੀ ਦੀ ਰਾਜਧਾਨੀ ਰੋਮ ’ਚ ਸਥਿਤ ਯੂਨੀਵਰਸਿਟੀ ਸਪੀਐਨਸਾ ਰੋਮ (ਲਾਤੀਨਾ) ਤੋਂ ਮੈਨੇਜਮੈਂਟ ਬਿਜਨਸ ਲਾਅ ਦੀ ਪੜ੍ਹਾਈ ਕੀਤੀ ਹੈ । ਅਰਸ਼ਪ੍ਰੀਤ ਕੌਰ ਨੇ ਟਾਪ ਕਰਕੇ ਮਾਪਿਆਂ ਦੇ ਨਾਲ ਭਾਰਤ ਦੇਸ਼ ਦਾ ਨਾਮ ਵੀ ਦੁਨੀਆ ਭਰ ਵਿੱਚ ਰੁਸ਼ਨਾ ਦਿੱਤਾ ਹੈ।

    ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਅਰਸ਼ਪ੍ਰੀਤ ਕੌਰ ਨੇ ਪੜ੍ਹਾਈ ਖੇਤਰ ਵਿੱਚ ਇਸ ਮੁਕਾਮ ਤੱਕ ਪਹੁੰਚਾਉਣ ਲਈ ਆਪਣੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਜਿਹਨਾਂ ਦੀ ਬਦੌਲਤ ਉਹ ਤੇ ਉਸ ਦੀ ਛੋਟੀ ਭੈਣ ਜਸਕਿਰਨਪ੍ਰੀਤ ਕੌਰ ਨੇ ਕਾਮਯਾਬੀ ਦੀਆਂ ਮੰਜ਼ਿਲਾਂ ਸਰ ਕੀਤੀਆਂ ਹਨ। ਉਸ ਨਾਲ ਕੰਮ ਕਰਨ ਲਈ ਕਈ ਕੰਪਨੀਆਂ ਵੱਲੋਂ ਸਪੰਰਕ ਕੀਤਾ ਗਿਆ ਹੈ। ਉਸ ਦਾ ਕੰਮ ਦੇ ਨਾਲ-ਨਾਲ ਅੱਗੇ ਬਿਜਨੈੱਸ ਖੇਤਰ ਵਿੱਚ ਮਾਸਟਰ ਡਿਗਰੀ ਕਰਨ ਦੀ ਤਿਆਰੀ ਵੀ ਹੈ। ਇਸ ਮੌਕੇ ਪ੍ਰੈੱਸ ਕਲੱਬ ਨਾਲ ਜਸਕਿਰਨਪ੍ਰੀਤ ਕੌਰ ਨੇ ਆਪਣੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਦੋਨੋਂ ਭੈਣਾਂ ਕਰਮਾਂ ਵਾਲੀਆਂ ਹਨ ਜਿਹਨਾਂ ਨੂੰ ਅਗਾਂਹ ਵਧੂ ਸੋਚ ਦੇ ਧਾਰਨੀ ਮਾਪਿਆਂ ਨੇ ਸਹੀ ਦਿਸ਼ਾ ਨਿਰਦੇਸ਼ ਦੇਕੇ ਇੱਥੋ ਤੱਕ ਪਹੁੰਚਾਇਆ।