ਦਿੱਲੀ-ਐਨਸੀਆਰ ਵਿੱਚ ਭਿਆਨਕ ਗਰਮੀ ਦੇ ਵਿਚਕਾਰ ਸ਼ੁੱਕਰਵਾਰ ਰਾਤ ਨੂੰ ਧੂੜ ਭਰੀ ਹਨੇਰੀ ਦੇ ਨਾਲ ਹਲਕੀ ਬਾਰਿਸ਼ ਹੋਈ। ਇਸ ਦੌਰਾਨ ਦਰੱਖਤ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਤੇਜ਼ ਤੂਫਾਨ ਕਾਰਨ ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਤੂਫਾਨ ਕਾਰਨ ਵੱਖ-ਵੱਖ ਹਾਦਸਿਆਂ ‘ਚ ਕੁੱਲ 23 ਲੋਕ ਜ਼ਖ਼ਮੀ ਹੋ ਗਏ ਹਨ।
ਦਿੱਲੀ ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ 9 ਉਡਾਣਾਂ ਨੂੰ ਜੈਪੁਰ ਵੱਲ ਮੋੜ ਦਿਤਾ ਗਿਆ ਹੈ। ਸੜਕਾਂ ‘ਤੇ ਦਰੱਖਤ ਡਿੱਗਣ ਕਾਰਨ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ, ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਦਰੱਖਤਾਂ ਦੇ ਡਿੱਗਣ ਨਾਲ ਸਬੰਧਤ 55 ਕਾਲਾਂ ਅਤੇ ਬਿਜਲੀ ਕੱਟ ਨਾਲ ਸਬੰਧਤ 202 ਕਾਲਾਂ ਆਈਆਂ ਹਨ।ਤੂਫਾਨ ਅਤੇ ਮੀਂਹ ਤੋਂ ਬਾਅਦ ਦਿੱਲੀ-ਐਨਸੀਆਰ ਵਿੱਚ ਵਧਦੇ ਤਾਪਮਾਨ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਸ਼ਨੀਵਾਰ ਸਵੇਰ ਤੋਂ ਹੀ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਕੁਝ ਥਾਵਾਂ ‘ਤੇ ਰੁਕ-ਰੁਕ ਕੇ ਹਲਕੀ ਬੂੰਦਾਬਾਂਦੀ ਵੀ ਜਾਰੀ ਹੈ।ਭਾਰਤੀ ਮੌਸਮ ਵਿਭਾਗ ਨੇ ਸ਼ਨੀਵਾਰ ਸਵੇਰੇ 10 ਵਜੇ ਤੱਕ ਦੇਸ਼ ਦੇ 13 ਰਾਜਾਂ ਵਿੱਚ ਮੀਂਹ, ਗਰਜ ਅਤੇ ਬਿਜਲੀ ਡਿੱਗਣ ਦਾ ਅਲਰਟ ਜਾਰੀ ਕੀਤਾ ਹੈ। ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਇਲਾਵਾ ਇਨ੍ਹਾਂ ਵਿੱਚ ਉੱਤਰਾਖੰਡ, ਤਾਮਿਲਨਾਡੂ, ਦੱਖਣੀ ਪੰਜਾਬ, ਹਰਿਆਣਾ, ਮੇਘਾਲਿਆ, ਦੱਖਣ-ਪੂਰਬੀ ਅਰੁਣਾਚਲ ਪ੍ਰਦੇਸ਼, ਦੱਖਣ-ਪੂਰਬੀ ਅਸਾਮ, ਮਨੀਪੁਰ, ਦੱਖਣੀ ਅੰਦਰੂਨੀ ਕਰਨਾਟਕ ਅਤੇ ਕੇਰਲ ਸ਼ਾਮਲ ਹਨ।