ਮਾਸਕੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਦੋ ਦਿਨਾ ਦੌਰੇ ’ਤੇ ਸੋਮਵਾਰ ਨੂੰ ਰਾਜਧਾਨੀ ਮਾਸਕੋ ਪਹੁੰਚੇ। ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਦੋਵੇਂ ਨੇਤਾਵਾਂ ਵਿਚਾਲੇ ਅੱਜ ਸਿਖ਼ਰ ਬੈਠਕ ਹੋਣੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਰੂਸ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਦੋਵੇਂ ਚੋਟੀ ਦੇ ਨੇਤਾਵਾਂ ਨੇ ਪੁਤਿਨ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ।ਪੀਐਮ ਮੋਦੀ ਰੂਸ ਦੇ ਸ਼ਹੀਦ ਸੈਨਿਕ ਸਮਾਰਕ ’ਤੇ ਵੀ ਪਹੁੰਚੇ ਅਤੇ ਸ਼ਰਧਾਂਜਲੀ ਦਿੱਤੀ। ਇਹ ਯਾਦਗਾਰ ਦੂਜੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੇ ਸਨਮਾਨ ਵਿਚ ਬਣਾਈ ਗਈ ਸੀ।ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਵਿਚ ਦੋ ਨਵੇਂ ਕੌਂਸਲੇਟ ਖੋਲ੍ਹਣ ਦਾ ਐਲਾਨ ਕੀਤਾ। ਪੀਐਮ ਮੋਦੀ ਨੇ ਦੱਸਿਆ ਕਿ ਰੂਸ ਦੇ ਕਜ਼ਾਨ ਅਤੇ ਯੇਕਾਟੇਰਿਨਬਰਗ ਵਿੱਚ ਭਾਰਤੀ ਕੌਂਸਲੇਟ ਖੋਲ੍ਹੇ ਜਾਣਗੇ।  ਪੀਐਮ ਮੋਦੀ ਨੇ ਮਾਸਕੋ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ।
ਉਨ੍ਹਾਂ ਕਿਹਾ, ’ਮੈਂ ਤੁਹਾਡੇ ਨਾਲ ਇਕ ਖ਼ੁਸ਼ਖਬਰੀ ਸਾਂਝੀ ਕਰਨਾ ਚਾਹੁੰਦਾ ਹਾਂ। ਅਸੀਂ ਫ਼ੈਸਲਾ ਕੀਤਾ ਹੈ ਕਿ ਅਸੀਂ ਕਾਜ਼ਾਨ ਅਤੇ ਯੇਕਾਟੇਰਿਨਬਰਗ ਵਿੱਚ ਨਵੇਂ ਕੌਂਸਲੇਟ ਖੋਲ੍ਹਾਂਗੇ। ਇਸ ਨਾਲ ਦੋਵੇਂ ਦੇਸ਼ਾਂ ਵਿਚਾਲੇ ਯਾਤਰਾ ਤੇ ਵਪਾਰ ਵਧੇਗਾ।ਮਾਸਕੋ ’ਚ ਇਸਕੌਨ ਦੇ ਪ੍ਰਧਾਨ ਸਾਧੂ ਪ੍ਰਿਆ ਦਾਸ ਨੇ ਕਿਹਾ ਕਿ ‘ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਲ 2001 ’ਚ ਮਾਸਕੋ ਆਏ ਸਨ, ਤਾਂ ਉਨ੍ਹਾਂ ਨੇ ਇਸਕੌਨ ਮੰਦਰ ’ਚ ਪੂਜਾ ਵੀ ਕੀਤੀ ਸੀ। ਇਸ ਦੌਰਾਨ ਪੀਐਮ ਮੋਦੀ ਕਰੀਬ ਇਕ ਘੰਟਾ ਮੰਦਰ ਵਿਚ ਰਹੇ। ਪ੍ਰਧਾਨ ਮੰਤਰੀ ਨੇ ਫੇਰੀ ਦੀ ਫ਼ੋਟੋ ਮੰਗੀ, ਜੋ ਮੈਂ ਉਨ੍ਹਾਂ ਨੂੰ ਮੁਹੱਈਆ ਕਰਵਾਈ।

    ਪੀਐਮ ਮੋਦੀ ਨੇ ਕਿਹਾ ਕਿ ‘ਭਾਰਤ ਤੇ ਰੂਸ ਗੰਗਾ-ਵੋਲਗਾ ਰਾਹੀਂ ਰਿਸ਼ਤਿਆਂ ਦੀ ਮੁੜ ਖੋਜ ਕਰ ਰਹੇ ਹਨ। ਦੁਨੀਆਂ ਦੇ ਸਾਰੇ ਮਾਹਿਰ ਕਹਿ ਰਹੇ ਹਨ ਕਿ ਤੀਜੀ ਸਦੀ ਭਾਰਤ ਦੀ ਸਦੀ ਹੈ। ਅੱਜ ਵਿਸ਼ਵ ਮਿੱਤਰ ਵਜੋਂ ਭਾਰਤ ਦੁਨੀਆ ਨੂੰ ਨਵਾਂ ਭਰੋਸਾ ਦੇ ਰਿਹਾ ਹੈ। ਪੂਰੀ ਦੁਨੀਆ ਭਾਰਤ ਦੀ ਸਮਰੱਥਾ ਤੋਂ ਖੁਸ਼ਹਾਲੀ ਅਤੇ ਸ਼ਾਂਤੀ ਦੀ ਉਮੀਦ ਕਰ ਰਹੀ ਹੈ। ਅੱਜ ਭਾਰਤ ਨੂੰ ਇਕ ਮਜ਼ਬੂਤ ਥੰਮ੍ਹ ਵਜੋਂ ਦੇਖਿਆ ਜਾਂਦਾ ਹੈ। ਅੱਜ ਜਦੋਂ ਭਾਰਤ ਕੁਝ ਕਹਿੰਦਾ ਹੈ ਤਾਂ ਪੂਰੀ ਦੁਨੀਆ ਸੁਣਦੀ ਹੈ। ਜਦੋਂ ਵੀ ਸੰਸਾਰ ਸੰਕਟ ਦਾ ਸਾਹਮਣਾ ਕਰਦਾ ਹੈ ਤਾਂ ਦੁਨੀਆ ਭਾਰਤ ਵੱਲ ਵੇਖਦੀ ਹੈ।