ਜਲੰਧਰ : ਸੀਆਈਏ ਸਟਾਫ ਦੀ ਪੁਲਿਸ ਨੇ ਪਿਛਲੇ ਦਿਨੀ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਅਫੀਮ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ। ਪੁਲਿਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਸੀਆਈਏ ਸਟਾਫ ਦੀ ਟੀਮ ਨੇ ਉਸਦੇ ਇੱਕ ਹੋਰ ਸਾਥੀ ਨੂੰ ਉਸ ਵੇਲੇ ਲੱਖਾਂ ਰੁਪਏ ਦੀ ਡਰੱਗ ਮਨੀ ਅਤੇ ਦੋ ਕਿਲੋ ਅਫੀਮ ਸਮੇਤ ਕਾਬੂ ਕਰ ਲਿਆ ਜਦ ਉਹ ਬਰੇਲੀ ਤੋਂ ਰੇਲ ਗੱਡੀ ਰਾਹੀਂ ਅਫੀਮ ਲੈ ਕੇ ਜਲੰਧਰ ਰੇਲਵੇ ਸਟੇਸ਼ਨ ਤੇ ਉਤਰ ਕੇ ਬਾਹਰ ਆਇਆ ਸੀ।
ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ 21 ਦਸੰਬਰ ਨੂੰ ਏਸੀਪੀ ਡਿਟੈਕਟਿਵ ਪਰਮਜੀਤ ਸਿੰਘ ਦੀ ਅਗਵਾਈ ਹੇਠ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਲਾਡੋਵਾਲੀ ਰੋਡ ਤੋਂ ਰਾਜਕੁਮਾਰ ਵਾਸੀ ਅਲੀਗੰਜ ਬਰੇਲੀ ਉੱਤਰ ਪ੍ਰਦੇਸ਼ ਅਤੇ ਜੁਬੇਦਾ ਵਾਸੀ ਪਿੰਡ ਕੋਟਲਾ ਜਲੰਧਰ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਡੇਢ ਕਿਲੋ ਅਫੀਮ ਬਰਾਮਦ ਕੀਤੀ ਸੀ ।ਰਾਜਕੁਮਾਰ ਇਹੀ ਅਫੀਮ ਬਰੇਲੀ ਤੋਂ ਲੈ ਕੇ ਜੁਬੇਦਾ ਨੂੰ ਸਪਲਾਈ ਦੇਣ ਲਈ ਆਇਆ ਸੀ। ਸੀਆਈਏ ਸਟਾਫ ਦੀ ਟੀਮ ਨੇ ਦੋਵਾਂ ਨੂੰ ਪੁਲਿਸ ਰਿਮਾਂਡ ਤੇ ਲੈ ਕੇ ਪੁੱਛਗਿਛ ਕੀਤੀ ਇਸ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਬਰੇਲੀ ਤੋਂ ਹੀ ਇਹਨਾਂ ਦਾ ਇੱਕ ਹੋਰ ਸਾਥੀ ਅਫੀਮ ਦੀ ਸਪਲਾਈ ਦੇਣ ਲਈ ਜਲੰਧਰ ਆ ਰਿਹਾ ਹੈ। ਜਿਸ ਤੇ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਨਾਕਾਬੰਦੀ ਕੀਤੀ ਹੋਈ ਸੀ।
ਇਸ ਦੌਰਾਨ ਇੱਕ ਵਿਅਕਤੀ ਜਿਸ ਨੇ ਇੱਕ ਪਿੱਠੂ ਬੈਗ ਮੋਢੇ ਤੇ ਟੰਗਿਆ ਹੋਇਆ ਸੀ ਪੈਦਲ ਆਉਂਦਾ ਹੋਇਆ ਦਿਖਾਈ ਦਿੱਤਾ। ਪੁਲਿਸ ਪਾਰਟੀ ਨੇ ਉਸ ਨੂੰ ਰੋਕ ਕੇ ਜਦ ਉਸਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਆਕਾਸ਼ ਕੁਮਾਰ ਵਾਸੀ ਪਿੰਡ ਚਾਡੇਪੁਰ ਥਾਣਾ ਬਮੋਰਾ ਤਹਿਸੀਲ ਔਲਾ ਜਿਲਾ ਬਰੇਲੀ ਉੱਤਰ ਪ੍ਰਦੇਸ਼ ਦੱਸਿਆ। ਜਦ ਉਸ ਕੋਲੋਂ ਜਲੰਧਰ ਆਉਣ ਦਾ ਕਾਰਨ ਪੁੱਛਿਆ ਗਿਆ ਤਾਂ ਉਹ ਕੋਈ ਢੁਕਵਾਂ ਜਵਾਬ ਨਹੀਂ ਦੇ ਸਕਿਆ। ਜਦ ਪੁਲਿਸ ਪਾਰਟੀ ਨੇ ਉਸ ਦੇ ਪਿੱਠੂ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਪੁਲਿਸ ਨੂੰ ਦੋ ਕਿਲੋ ਅਫੀਮ ਬਰਾਮਦ ਹੋਈ। ਇਸ ਦੇ ਨਾਲ ਹੀ ਇੱਕ ਕਾਗਜੀ ਲਿਫਾਫੇ ਵਿੱਚ ਲਪੇਟੀ ਗਈ ਇਕ ਲੱਖ 60 ਹਜਰ ਰੁਪਏ ਦੀ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਗਈ ਜੋ ਕਿ ਆਕਾਸ਼ ਕੁਮਾਰ ਨੇ ਨਸ਼ਾ ਵੇਚ ਕੇ ਇਕੱਠੀ ਕੀਤੀ ਸੀ। ਜਿਸ ਤੇ ਪੁਲਿਸ ਪਾਰਟੀ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜਮ ਦੇ ਖ਼ਿਲਾਫ਼ ਥਾਣਾ ਤਿੰਨ ਵਿੱਚ ਐਨਡੀਪੀਐਸ ਦੇ ਤਹਿਤ ਮਾਮਲਾ ਦਰਜ ਕਰਕੇ ਉਸ ਕੋਲੋਂ ਪੁੱਛਗਿਛ ਲਈ ਪੁਲਿਸ ਰਿਮਾਂਡ ਲਿਆ ਗਿਆ ਹੈ।