ਯੂਪੀ ਦੇ ਗਾਜ਼ੀਆਬਾਦ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਇੰਸਪੈਕਟਰ ਇਕ ਈ-ਰਿਕਸ਼ਾ ਚਾਲਕ ਨਾਲ ਦੁਰਵਿਵਹਾਰ ਕਰ ਰਿਹਾ ਹੈ। ਈ-ਰਿਕਸ਼ਾ ਚਾਲਕ ਨੌਜਵਾਨ ਨੂੰ ਵਾਲਾਂ ਤੋਂ ਘਸੀਟ ਕੇ ਸੜਕ ਦੇ ਵਿਚਕਾਰ ਲੈ ਜਾ ਰਿਹਾ ਹੈ। ਨੌਜਵਾਨ ਰੌਲਾ ਪਾ ਰਿਹਾ ਹੈ ਪਰ ਇੰਸਪੈਕਟਰ ‘ਤੇ ਕੋਈ ਅਸਰ ਨਹੀਂ ਹੋ ਰਿਹਾ। ਇੰਸਪੈਕਟਰ ਦੀ ਇਸ ਕਾਰਵਾਈ ‘ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਨਾਰਾਜ਼ਗੀ ਜਤਾਈ ਹੈ।
ਜਾਣਕਾਰੀ ਮੁਤਾਬਕ ਇੰਸਪੈਕਟਰ (ਐੱਸ.ਆਈ.) ਦਾ ਨਾਂ ਭਾਨੂ ਪ੍ਰਕਾਸ਼ ਹੈ। ਇਸ ਦੇ ਨਾਲ ਹੀ ਈ-ਰਿਕਸ਼ਾ ਚਾਲਕ ਦਾ ਨਾਂ ਸੋਹੇਲ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੰਸਪੈਕਟਰ ਭਾਨੂ ਪ੍ਰਕਾਸ਼ ਈ-ਰਿਕਸ਼ਾ ਚਲਾ ਕੇ ਰੋਜ਼ੀ-ਰੋਟੀ ਕਮਾਉਣ ਵਾਲੇ ਸੋਹੇਲ ਦੀ ਕੁੱਟਮਾਰ ਕਰ ਰਿਹਾ ਹੈ। ਉਹ ਸੋਹੇਲ ਨੂੰ ਵਾਲਾਂ ਤੋਂ ਖਿੱਚ ਰਿਹਾ ਹੈ, ਜਦੋਂ ਕਿ ਸੋਹੇਲ ਉਸ ਨੂੰ ਛੱਡਣ ਲਈ ਬੇਨਤੀ ਕਰ ਰਿਹਾ ਹੈ। ਚੀਕ ਰਿਹਾ ਹੈ।ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਈ-ਰਿਕਸ਼ਾ ਚਾਲਕ ਦੀ ਕੁੱਟਮਾਰ ਕਰਨ ਵਾਲੇ ਪੁਲਸ ਮੁਲਾਜ਼ਮ ਖਿਲਾਫ ਕਾਰਵਾਈ ਦੀ ਮੰਗ ਕੀਤੀ। ਜਿਸ ਤੋਂ ਬਾਅਦ ਸਥਾਨਕ ਪੁਲਿਸ ਅਧਿਕਾਰੀਆਂ ਨੇ ਇਸ ਵੀਡੀਓ ਦਾ ਨੋਟਿਸ ਲਿਆ। ਨਾਲ ਹੀ ਟਵੀਟ ਕਰਕੇ ਮਾਮਲੇ ਦੀ ਜਾਂਚ ਏਸੀਪੀ ਵੇਵ ਸਿਟੀ ਨੂੰ ਸੌਂਪਣ ਦੀ ਜਾਣਕਾਰੀ ਦਿਤੀ।
ਮੁਲਜ਼ਮ ਇੰਸਪੈਕਟਰ ਭਾਨੂ ਪ੍ਰਕਾਸ਼ ਪਿਛਲੇ ਕੁਝ ਮਹੀਨਿਆਂ ਤੋਂ ਵੇਵ ਸਿਟੀ ਥਾਣੇ ਦੀ ਪੋਸਟ ’ਤੇ ਤਾਇਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਸੜਕ ‘ਤੇ ਈ-ਰਿਕਸ਼ਾ ਪਾਰਕਿੰਗ ਨੂੰ ਲੈ ਕੇ ਬਹਿਸ ਹੋਈ, ਜਿਸ ਤੋਂ ਬਾਅਦ ਇੰਸਪੈਕਟਰ ਆਪਾ ਖੋ ਬੈਠਾ। ਏਸੀਪੀ ਵੇਵ ਸਿਟੀ ਪੂਨਮ ਮਿਸ਼ਰਾ ਨੇ ਫੋਨ ‘ਤੇ ਦੱਸਿਆ ਕਿ ਇਕ ਇੰਸਪੈਕਟਰ ਵੱਲੋਂ ਈ-ਰਿਕਸ਼ਾ ਚਾਲਕ ਨੂੰ ਕੁੱਟਣ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਦੀ ਜਾਂਚ ਉਨ੍ਹਾਂ ਨੂੰ ਸੌਂਪ ਦਿੱਤੀ ਗਈ ਹੈ। ਪੁੱਛਗਿੱਛ ਕੀਤੀ ਜਾ ਰਹੀ ਹੈ। ਇੰਸਪੈਕਟਰ ਅਤੇ ਪੀੜਤਾ ਨੂੰ ਬੁਲਾਇਆ ਗਿਆ ਹੈ।