ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਸਿਲਕਿਆਰਾ ਸੁਰੰਗ ਵਿਚ ਫਸੇ ਸਾਰੇ ਮਜ਼ਦੂਰਾਂ ਨੂੰ ਸੂਬਾ ਸਰਕਾਰ 1-1 ਲੱਖ ਰੁਪਏ ਦੀ ਆਰਥਿਕ ਮਦਦ ਦੇਵੇਗੀ। ਸੁਰੰਗ ਵਿਚ 16 ਦਿਨ ਤੱਕ ਫਸੇ ਰਹੇ ਸਾਰੇ 41 ਮਜ਼ਦੂਰਾਂ ਨੂੰ ਕੱਢੇ ਜਾਣ ਦੀ ਮੁਹਿੰਮ ਦੇ ਸਫਲ ਹੋਣ ਦੇ ਬਾਅਦ ਸਿਲਕਿਆਰਾ ਵਿਚ ਮੀਡੀਆ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂਕਿਹਾ ਕਿ ਇਸ ਤੋਂ ਇਲਾਵਾ ਮਜ਼ਦੂਰਾਂ ਦੇ ਹਸਪਤਾਲ ਵਿਚ ਇਲਾਜ ਤੇ ਉਨ੍ਹਾਂ ਦੇ ਘਰ ਜਾਣ ਤੱਕ ਦੀ ਪੂਰੀ ਵਿਵਸਥਾ ਕੀਤੀ ਜਾਵੇਗੀ।

    ਧਾਮੀ ਨੇ ਕਿਹਾ ਕਿ ਸੁਰੰਗ ਤੋਂ ਬਾਹਰ ਕੱਢਣ ਦੇ ਬਾਅਦ ਮਜ਼ਦੂਰਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਇਲਾਜ ‘ਤੇ ਹੋਣ ਵਾਲਾ ਖਰਚ ਵੀ ਸਰਕਾਰ ਚੁੱਕੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਮਜ਼ਦੂਰਾਂ ਤੋਂ ਇਲਾਵਾ ਉਸ ਦੇ ਪਰਿਵਾਰਾਂ ਦੇ ਵੀ ਖਾਣ ਤੇ ਰਹਿਣ ਦੀ ਵਿਵਸਥਾ ਕਰ ਰਹੀ ਹੈ।

    ਮੁੱਖ ਮੰਤਰੀ ਨੇ ਬਚਾਅ ਮੁਹਿੰਮ ਦੀ ਸਫਲਤਾ ਲਈ ਸਥਾਨਕ ਦੇਵਤਾ ਬਾਬਾ ਬੌਖਨਾਗ ਦੀ ਕ੍ਰਿਪਾ ਨੂੰ ਵੀ ਕ੍ਰੈਡਿਟ ਦਿੱਤਾ ਤੇ ਕਿਹਾ ਕਿ ਸਿਲਕਿਆਰਾ ਵਿਚ ਉਨ੍ਹਾਂ ਦਾ ਵਿਸ਼ਾਲ ਮੰਦਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਬਾ ਬੌਖਨਾਗ ਦੇ ਆਸ਼ੀਰਵਾਦ ਨਾਲ ਸਾਰੇ ਮਜ਼ਦੂਰ ਸੁਰੱਖਿਅਤ ਬਾਹਰ ਕੱਢੇ ਗਏ ਹਨ। ਧਾਮੀ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਬਾਬਾ ਬੌਖਨਾਗ ਦਾ ਮੰਦਰ ਬਣਾਉਣ ਦੀ ਮੰਗ ਚੁੱਕੀ ਹੈ ਜਿਸ ਨੂੰ ਸਰਕਾਰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਹਨ ਕਿ ਜਲਦ ਮੰਦਰ ਨਿਰਮਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇ।