ਪ੍ਰਧਾਨ ਮੰਤਰੀ ਦੇ ਸੁਪਨਿਆਂ ਦੀ ਰੇਲ ਗੱਡੀ ‘ਵੰਦੇ ਭਾਰਤ’ ਜਲਦ ਹੀ ਨਵੇਂ ਰੰਗ ‘ਚ ਆ ਰਹੀ ਹੈ। ਫਿਲਹਾਲ ਸਿਰਫ ਚੇਅਰਕਾਰ ਵੰਦੇ ਭਾਰਤ ਟਰੇਨ ਚੱਲ ਰਹੀ ਹੈ, ਜੋ ਸਿਰਫ 300 ਕਿਲੋਮੀਟਰ ਤੱਕ ਹੀ ਚੱਲ ਸਕਦੀ ਹੈ। ਲੋਕਾਂ ਨੂੰ ਜਲਦੀ ਹੀ ‘ਵੰਦੇ ਭਾਰਤ’ ਦੇ ਸਲੀਪਰ ਕੋਚਾਂ ‘ਚ ਸਫਰ ਕਰਨ ਦਾ ਮੌਕਾ ਮਿਲੇਗਾ। ਉਹ ਲੰਬੀ ਦੂਰੀ ਆਸਾਨੀ ਨਾਲ ਤੈਅ ਕਰ ਸਕਣਗੇ।

    ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਵੰਦੇ ਭਾਰਤ ਦੇ ਸਲੀਪਰ ਸੈਗਮੈਂਟ ਦੀਆਂ 16 ਟ੍ਰੇਨ ਸੈੱਟ ਦਾ ਆਰਡਰ ਮਿਲਿਆ ਹੈ, ਜਿਸ ‘ਤੇ ਜਲਦ ਕੰਮ ਸ਼ੁਰੂ ਹੋਵੇਗਾ। ਇਹ ਗੱਲ ਆਰਸੀਐੱਫ ਦੇ ਨਵ-ਨਿਯੁਕਤ ਮਹਾਪ੍ਰਬੰਧਕ ਐੱਸ ਸ਼੍ਰੀਨਿਵਾਸ ਨੇ ਗੱਲਬਾਤ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਹੁਣ ਤੱਕ ਦੇਸ਼ ਵਿਚ ਚੇਅਰਕਾਰ ਵੰਦੇ ਭਾਰਤ ਦਾ ਹੀ ਨਿਰਮਾਣ ਹੋ ਰਿਹਾ ਸੀ, ਜਿਸ ਵਿਚ ਯਾਤਰੀ ਬੈਠ ਕੇ ਸਫਰ ਕਰਦੇ ਸਨ ਪਰ ਇਸ ਟ੍ਰੇਨ ਦੇ ਜ਼ਿਆਦਾ ਲੰਬੀ ਦੂਰੀ ਤੱਕ ਨਹੀਂ ਚਲਾਇਆ ਜਾਂਦਾ ਸੀ।

    ਹੁਣ ਤੱਕ ਰੇਲ ਕੋਚ ਫੈਕਟਰੀ ਚੇਨਈ ਵਿਚ ਹੀ ਵੰਦੇ ਭਾਰਤ ਦਾ ਨਿਰਮਾਣ ਹੁੰਦਾ ਹੈ ਪਰ ਹੁਣ ਆਰਸੀਐੱਫ ਇਸ ਵਿਚ ਕਦਮ ਵਧਾ ਰਿਹਾ ਹੈ। ਇਨ੍ਹਾਂ ਕੋਚਾਂ ‘ਤੇ ਫਿਲਹਾ ਅੰਦਾਜ਼ਨ 7-8 ਕਰੋੜ ਰੁਪਏ ਲਾਗਤ ਆਉਣ ਦੀ ਸੰਭਾਵਨਾ ਹੈ ਪਰ ਅਜੇ ਕੋਚ ਦੀ ਡਿਜ਼ਾਈਨਿੰਗ ਨੂੰ ਆਖਰੀ ਰੂਪ ਦਿੱਤਾ ਜਾਣਾ ਹੈ ਜਿਸ ਨਾਲ ਇਸ ਦੀ ਲਾਗਤ ਵਿਚ ਕੁਝ ਬਦਲਾਅ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵੰਦੇਭਾਰਤ ਵਿਚ ਟਾਕ ਬੈਕ ਸਿਸਟਮ ਲਗਾਇਆ ਜਾ ਰਿਹਾ ਹੈ ਜਿਸ ਨਾਲ ਯਾਤਰੀ ਸਿੱਧੀ ਟ੍ਰੇਨ ਦੇ ਪਾਇਲਟ ਨਾਲ ਗੱਲ ਕਰ ਸਕਣਗੇ।

    ਵੰਦੇ ਭਾਰਤ ਕੁਝ ਹੀ ਸੈਕੰਡ ਵਿਚ ਰਫਤਾਰ ਫੜ ਸਕੇਗੀ ਤੇ ਇਸ ਨੂੰ ਰੋਕਣਾ ਵੀ ਆਸਾਨ ਹੋਵੇਗਾ।ਇਸ ਵਿਚ ਅੱਗੇ ਤੇ ਪਿੱਛੇ ਇੰਜਣ ਲੱਗੇ ਹੋਣਗੇ ਤੇ ਹਰ ਤੀਜੇ ਕੋਚ ਦੇ ਹੇਠਾਂ ਵੀ ਪਾਵਰ ਇੰਜਣ ਹੋਵੇਗਾ। ਟ੍ਰੇਨ ਦੇ ਹਰ ਕੋਚ ਵਿਚ ਇਕ ਕੈਮਰਾ ਤੇ ਮਾਈਕ ਲੱਗਾ ਹੋਵੇਗਾ ਜਿਸ ਨਾਲ ਯਾਤਰੀ ਔਖੇ ਸਮੇਂ ਟ੍ਰੇਨ ਦੇ ਪਾਇਲਟ ਨਾਲ ਸਿੱਧਾ ਸੰਪਰਕ ਕਰ ਸਕਣਗੇ। ਇਸ ਦਾ ਇੰਟੀਰੀਅਰ ਬਹੁਤ ਸ਼ਾਨਦਾਰ ਬਣਾਇਆ ਜਾ ਰਿਹਾ ਹੈ ਜਿਸ ਵਿਚ ਬੈਠ ਕੇ ਯਾਤਰੀ ਫਾਈਵ ਸਟਾਰ ਹੋਟਲ ਦਾ ਅਨੁਭਵ ਪ੍ਰਾਪਤ ਕਰ ਸਕਣਗੇ।

    ਆਰਸੀਐੱਫ ਨੂੰ ਬੰਗਲਾਦੇਸ਼ ਤੋਂ 200 ਕੋਚਾਂ ਦੇ ਨਿਰਮਾਣ ਆਰਡਰ ਮਿਲਿਆ ਹੈ ਜਿਸ ਦੀ ਸਪਲਾਈ ਅਗਲੇ ਸਾਲ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ।ਇਸ ਵਿਚ ਵੱਖ-ਵੱਖ ਕਿਸਮ ਦੇ ਕੋਚ ਸ਼ਾਮਲ ਹੋਣਗੇ। ਇਸ ਨੂੰ ਲੈ ਕੇ ਰਾਈਟਸ ਤੇ ਬੰਗਲਾਦੇਸ਼ ਵਿਚ ਐੱਮਓਯੂ ਸਾਈਨ ਹੋ ਚੁੱਕਾ ਹੈ।