ਘਨੌਰ : ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਬਲਾਕ ਘਨੌਰ ਵਿੱਚ ਤਰਸੇਮ ਸਿੰਘ ਕਾਕੂ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਵਾਈ ਗਈ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਅਤੇ ਕੌਮੀ ਚੇਅਰਪਰਸਨ ਮੈਡਮ ਨੀਰੂ ਤੁਲੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਵਰਿੰਦਰ ਸਿੰਘ ਨੂੰ ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਦੁਬਾਰਾ ਬਲਾਕ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਵਿੱਚੋਂ ਸਮਾਜਿਕ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਆਮ ਲੋਕਾਂ ਨੂੰ ਇੱਕ ਪਲੇਟਫਾਰਮ ਉੱਤੇ ਇਕੱਠੇ ਹੋਣ ਦੀ ਅਤਿਅੰਤ ਜ਼ਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਨਾਰੀ ਚੇਤਨਾ ਸੈਮੀਨਾਰ 10 ਮਾਰਚ 2024 ਨੂੰ ਇੱਕ ਵਿਸ਼ਾਲ ਇਕੱਠ ਵਿੱਚ ਜ਼ਿਲ੍ਹਾ ਮੋਹਾਲੀ ਵਿਖੇ ਕਰਵਾਇਆ ਜਾਵੇਗਾ। ਜਿਸ ਵਿੱਚ ਸਮਾਜ ਪ੍ਰਤੀ ਵੱਡ ਮੁੱਲੀਆਂ ਸੇਵਾਵਾਂ ਦੇਣ ਵਾਲੀਆਂ ਔਰਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਸਿਮਰਨਜੀਤ ਸਿੰਘ, ਰੋਹਿਤ ਕੁਮਾਰ, ਅਮਿਤ ਕੁਮਾਰ ਗੁਰਦੀਪ ਸਿੰਘ ਕਾਮੀ, ਰਾਜੇਸ਼ ਕੁਮਾਰ ਰੋਕੀ, ਸਤਨਾਮ ਸਿੰਘ ਜੰਡਮਾਗੋਲੀ, ਕਰਮਜੀਤ ਸਿੰਘ, ਸਹਿਜਦੀਪ ਸਿੰਘ, ਕਮਲਦੀਪ ਸਿੰਘ ਅਤੇ ਕ੍ਰਿਸ਼ਨ ਕੁਮਾਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।