Skip to content
ਪੰਜਾਬ ਅੰਦਰ ਘੱਟੋ ਘੱਟ ਸਮਰਥਨ ਮੁੱਲ ਤੇ ਕਣਕ ਦੀ ਸਰਕਾਰੀ ਖ਼ਰੀਦ ਅੱਜ ਤੋਂ ਸ਼ੁਰੂ ਹੋ ਰਹੀ ਹੈ। ਬੇਸ਼ਕ ਪੰਜਾਬ ਦੀਆਂ ਮੰਡੀਆਂ ਵਿਚ 10 ਅਪ੍ਰੈਲ ਤੋਂ ਬਾਅਦ ਕਣਕ ਦੀ ਆਮਦ ਸ਼ੁਰੂ ਹੋਵੇਗੀ ਪਰੰਤੂ ਸਰਕਾਰ ਵਲੋਂ ਕਣਕ ਦੀ ਖ਼ਰੀਦ ਅਤੇ ਸਟੋਰੇਜ਼ ਕਰਨ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਹਾੜ੍ਹੀ ਦੀ ਸੀਜ਼ਨ ਦੀ ਵਾਢੀ ਨੂੰ ਧਿਆਨ ਵਿਚ ਰਖਦਿਆਂ ਮੁੱਖ ਸਕੱਤਰ ਅਨੁਰਾਗ ਵਰਮਾ ਵਲੋਂ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪਹਿਲਾ ਹੀ ਸਬੰਧਤ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਵੀਡੀਉ ਕਾਨਫ਼ਰੰਸਿੰਗ ਰਾਹੀਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ ਗਈ ਹੈ। ਵਰਮਾ ਨੇ ਕਣਕ ਦੀ ਖ਼ਰੀਦ ਸਬੰਧੀ ਕਿਹਾ ਕਿ ਪਹਿਲੀ ਅਪਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੋ ਰਹੀ ਹੈ ਅਤੇ ਇਸ ਨੂੰ ਸੁਚਾਰੂ ਤਰੀਕੇ ਨਾਲ ਕਰਨ ਲਈ ਸੱਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਮੁੱਖ ਸਕੱਤਰ ਅਨੁਸਾਰ ਪੰਜਾਬ ਵਿਚ 35.07 ਲੱਖ ਹੈਕਟੇਅਰ ਰਕਬੇ ਵਿਚ ਕਣਕ ਬੀਜੀ ਗਈ ਹੈ ਅਤੇ 161.30 ਲੱਖ ਮੀਟਰਿਕ ਟਨ ਕਣਕ ਦੀ ਪੈਦਾਵਾਰ ਦੀ ਉਮੀਦ ਹੈ। ਖ਼ਰੀਦ ਲਈ 30,776.36 ਕਰੋੜ ਰੁਪਏ ਨਕਦ ਕਰਜ਼ਾ ਹਦ (ਸੀ.ਸੀ.ਐਲ.) ਦੀ ਲੋੜ ਹੈ ਅਤੇ ਇਸ ਵਿਚੋਂ 27077.91 ਕਰੋੜ ਰੁਪਏ ਅਪਰੈਲ ਮਹੀਨੇ ਲਈ ਮਿਲ ਗਿਆ ਹੈ ਅਤੇ ਮਈ ਮਹੀਨੇ ਲਈ ਬਾਕੀ ਬਚਦੀ ਰਕਮ ਲੈ ਲਈ ਜਾਵੇਗੀ। ਪੰਜਾਬ ਮੰਡੀ ਬੋਰਡ ਵਲੋਂ 1908 ਰੈਗੂਲਰ ਖ਼ਰੀਦ ਕੇਂਦਰ ਐਲਾਨੇ ਗਏ ਹਨ ਅਤੇ ਜਿਨ੍ਹਾਂ ਦੀ ਖ਼ਰੀਦ ਏਜੰਸੀਆਂ ਦੀ ਤਜਵੀਜ਼ ਅਨੁਸਾਰ ਵੱਖ-ਵੱਖ ਏਜੰਸੀਆਂ ਨੂੰ ਅਲਾਟਮੈਂਟ ਕਰ ਦਿਤੀ ਜਾਵੇਗੀ।
ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਕਿ ਖ਼ਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ ਅਤੇ ਮੰਡੀਆਂ ਵਿਚ ਖ਼ਰੀਦ ਦੇ ਸੁਚਾਰੂ ਪ੍ਰਬੰਧਾਂ ਦੇ ਨਾਲ ਬੁਨਿਆਦੀ ਸਹੂਲਤਾਂ ਦਾ ਵੀ ਖ਼ਾਸ ਖ਼ਿਆਲ ਰਖਿਆ ਜਾਵੇ। ਕਿਸਾਨਾਂ ਨੂੰ ਖ਼ਰੀਦ ਉਪਰੰਤ ਤੁਰਤ ਭੁਗਤਾਨ ਕੀਤਾ ਜਾਵੇ ਤਾਂ ਜੋ ਕਿਸੇ ਵੀ ਕਿਸਾਨ ਦੀ ਖੱਜਲ-ਖੁਆਰੀ ਨਾ ਹੋਵੇ। ਉਨ੍ਹਾਂ ਮੀਟਿੰਗ ਵਿਚ ਮੌਕੇ ਉਤੇ ਹੀ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਕਿ ਜਿਸ ਵੀ ਖ਼ਰੀਦ ਏਜੰਸੀ ਨਾਲ ਸਬੰਧੀ ਕੋਈ ਮਾਮਲਾ ਲੰਬਿਤ ਪਿਆ ਹੈ, ਉਹ ਹੁਣੇ ਧਿਆਨ ਵਿਚ ਲਿਆ ਦਿਤਾ ਜਾਵੇ ਤਾਂ ਜੋ ਖ਼ਰੀਦ ਦੌਰਾਨ ਕੌਈ ਔਕੜ ਨਾ ਆਵੇ। ਮੀਟਿੰਗ ਵਿਚ ਪ੍ਰਮੁੱਖ ਸਕੱਤਰ ਖ਼ੁਰਾਕ ਤੇ ਸਿਵਲ ਸਪਲਾਈ ਵਿਕਾਸ ਗਰਗ, ਸਕੱਤਰ ਵਿੱਤ ਗੁਰਪ੍ਰੀਤ ਕੌਰ ਸਪਰਾ, ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਐਮ.ਡੀ. ਕੰਵਲਪ੍ਰੀਤ ਕੌਰ ਬਰਾੜ, ਪਨਸਪ ਦੀ ਐਮ.ਡੀ. ਸੋਨਾਲੀ ਗਿਰਿ, ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਪੁਨੀਤ ਗੋਇਲ ਆਦਿ ਹਾਜ਼ਰ ਸਨ।
Post Views: 2,282
Related