ਮਹਾਰਾਸ਼ਟਰ ਦੇ ਨਾਗਪੁਰ ਜ਼ਿਲੇ ‘ਚ ਪਿਛਲੇ ਮਹੀਨੇ ਸਾਹਮਣੇ ਆਏ ਹਿੱਟ ਐਂਡ ਰਨ ਮਾਮਲੇ ‘ਚ ਬਹੁਤ ਹੀ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਨਾਗਪੁਰ ਪੁਲਿਸ ਦੀ ਜਾਂਚ ਵਿੱਚ ਪੂਰਾ ਮਾਮਲਾ ਹਿੱਟ ਐਂਡ ਰਨ ਦੀ ਬਜਾਏ ਕਤਲ ਦਾ ਨਿਕਲਿਆ ਹੈ।

    ਨਾਗਪੁਰ ਪੁਲਿਸ ਨੇ ਕਤਲ ਦੀ ਦਿਲ ਦਹਿਲਾ ਦੇਣ ਵਾਲੀ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਮ੍ਰਿਤਕ ਪੁਰਸ਼ੋਤਮ ਪੁਤੇਵਾਰ ਦੀ ਨੂੰਹ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਇਸ ਸਾਜ਼ਿਸ਼ ਦੀ ਪੂਰੀ ਮਾਸਟਰਮਾਈਂਡ ਮ੍ਰਿਤਕ ਦੀ ਨੂੰਹ ਹੈ ਅਤੇ ਉਸ ਨੇ ਕਰੀਬ 300 ਕਰੋੜ ਰੁਪਏ ਦੀ ਜਾਇਦਾਦ ਦੇ ਲਾਲਚ ਵਿੱਚ ਇਹ ਸਾਜ਼ਿਸ਼ ਰਚੀ।ਦਰਅਸਲ, 22 ਮਈ 2024 ਨੂੰ ਨਾਗਪੁਰ ਦੇ ਅਜਨੀ ਇਲਾਕੇ ‘ਚ ਹਿੱਟ ਐਂਡ ਰਨ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਸੀ। ਇਸ ਘਟਨਾ ਵਿਚ ਦੋ ਕਾਰ ਸਵਾਰਾਂ ਨੇ ਪੁਰਸ਼ੋਤਮ ਪੁਤੇਵਾਰ ਨਾਮਕ ਵਿਅਕਤੀ ਨੂੰ ਕਾਰ ਨਾਲ ਉਡਾ ਦਿੱਤਾ ਸੀ। ਇਸ ਘਟਨਾ ‘ਚ 72 ਸਾਲਾ ਪੁਰਸ਼ੋਤਮ ਪੁਤੇਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਹਿਲਾਂ ਇਹ ਸਾਰਾ ਮਾਮਲਾ ਹਿੱਟ ਐਂਡ ਰਨ ਲੱਗਦਾ ਸੀ ਪਰ ਜਦੋਂ ਨਾਗਪੁਰ ਪੁਲਿਸ ਨੇ ਇਸ ਦੀ ਤਹਿ ਤੱਕ ਜਾ ਕੇ ਜਾਂਚ ਕੀਤੀ ਤਾਂ ਜੋ ਸੁਰਾਗ ਮਿਲੇ, ਉਹ ਵੀ ਹੈਰਾਨ ਰਹਿ ਗਈ।

    ਨੂੰਹ ਨੇ ਡਰਾਈਵਰ ਨਾਲ ਮਿਲ ਕੇ ਰਚੀ ਕਤਲ ਦੀ ਸਾਜ਼ਿਸ਼
    ਪੁਲਿਸ ਜਾਂਚ ‘ਚ ਪੂਰਾ ਮਾਮਲਾ ਹਿੱਟ ਐਂਡ ਰਨ ਦਾ ਨਹੀਂ, ਸਗੋਂ ਜਾਣਬੁੱਝ ਕੇ ਕਤਲ ਦੀ ਵੱਡੀ ਸਾਜ਼ਿਸ਼ ਦਾ ਸੀ। ਇਸ ਦਾ ਮਾਸਟਰਮਾਈਂਡ ਕੋਈ ਹੋਰ ਨਹੀਂ ਸਗੋਂ ਮ੍ਰਿਤਕ ਦੀ ਨੂੰਹ ਅਰਚਨਾ ਪੁਤੇਵਾਰ ਨਿਕਲੀ। ਦਰਅਸਲ, ਪੁਲਿਸ ਨੂੰ ਆਪਣੇ ਗੁਪਤ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਮ੍ਰਿਤਕ ਪੁਰਸ਼ੋਤਮ ਪੁਤੇਵਾਰ ਦੀ 300 ਕਰੋੜ ਰੁਪਏ ਦੀ ਜਾਇਦਾਦ ਨੂੰ ਹੜੱਪਣ ਲਈ ਨੂੰਹ ਅਰਚਨਾ ਪੁਤੇਵਾਰ ਨੇ ਪਹਿਲਾਂ ਆਪਣੇ ਡਰਾਈਵਰ ਨੂੰ ਵਰਗਲਾ ਲਿਆ ਅਤੇ ਫਿਰ ਉਸ ਦੀ ਮਦਦ ਨਾਲ ਡੂੰਘੀ ਸਾਜ਼ਿਸ਼ ਰਚੀ। ਇਸ ਲਈ ਡਰਾਈਵਰ ਰਾਹੀਂ ਦੋ ਵਿਅਕਤੀਆਂ ਨੂੰ 1 ਕਰੋੜ ਰੁਪਏ ਅਤੇ ਇਕ ਵਾਰ ਦਾ ਲਾਇਸੈਂਸ ਦਾ ਲਾਲਚ ਦੇ ਕੇ ਕਤਲ ਕਰਨ ਦੀ ਸੁਪਾਰੀ ਦਿੱਤੀ ਸੀ।

    ਕੁਝ ਹੀ ਦਿਨ ਪਹਿਲਾਂ ਖਰੀਦੀ ਸੀ ਕਾਰ
    ਇਸੇ ਸਾਜ਼ਿਸ਼ ਤਹਿਤ 22 ਮਈ ਨੂੰ ਮੁਲਜ਼ਮ ਨੀਰਜ ਨਿਮਜੇ ਅਤੇ ਸਚਿਨ ਨੇ ਪੁਰਸ਼ੋਤਮ ਪੁਤੇਵਾਰ ਨੂੰ ਤੇਜ਼ ਰਫ਼ਤਾਰ ਕਾਰ ਨਾਲ ਫੇਟ ਮਾਰ ਦਿੱਤੀ ਸੀ। ਜਿਸ ਕਾਰ ਨਾਲ ਇਹ ਕਤਲ ਹੋਇਆ ਹੈ, ਉਹ ਕੁਝ ਦਿਨ ਪਹਿਲਾਂ ਹੀ ਖਰੀਦੀ ਗਈ ਸੀ। ਨੂੰਹ ਅਰਚਨਾ ਪੁਤੇਵਾਰ ਨੇ ਮੁਲਜ਼ਮਾਂ ਨੂੰ ਕਾਰ ਖਰੀਦਣ ਅਤੇ ਕਤਲ ਕਰਨ ਦੇ ਬਦਲੇ ਲੱਖਾਂ ਰੁਪਏ ਦਿੱਤੇ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਅਰਚਨਾ ਦਾ ਭਰਾ ਪ੍ਰਸ਼ਾਂਤ ਅਤੇ ਉਸ ਦਾ ਪੀਏ ਪਾਇਲ ਵੀ ਇਸ ਸਾਜ਼ਿਸ਼ ਵਿੱਚ ਸ਼ਾਮਲ ਸਨ। ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।