ਮਾਛੀਵਾੜਾ ਸਾਹਿਬ ਪੁਲਿਸ ਵਲੋਂ ਇਲਾਕੇ ਦੇ ਇਕ ਪਿੰਡ ਦੇ ਨੌਜਵਾਨ ਪ੍ਰਿਤਪਾਲ ਦੀ ਸ਼ਿਕਾਇਤ ’ਤੇ ਵਿਦੇਸ਼ ਕੈਨੇਡਾ 31 ਲੱਖ ਰੁਪਏ ਖ਼ਰਚ ਕਰ ਕੇ ਭੇਜੀ ਪਤਨੀ ਜਤਿੰਦਰ ਕੌਰ, ਸਹੁਰਾ ਜਰਨੈਲ ਸਿੰਘ, ਸੱਸ ਬਲਵਿੰਦਰ ਕੌਰ ਵਾਸੀ ਨਵਾਂ ਸ਼ਹਿਰ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪ੍ਰਿਤਪਾਲ ਸਿੰਘ ਨੇ ਪੁਲਿਸ ਉਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ ਅਤੇ ਉਸ ਦੀ ਰਿਸ਼ਤੇ ’ਚ ਲੱਗਦੀ ਭੂਆ ਦੇ ਅੱਗੇ ਰਿਸ਼ਤੇਦਾਰੀ ਵਿਚ ਇਕ ਲੜਕੀ ਜਤਿੰਦਰ ਕੌਰ ਦੇ ਪਰਵਾਰ ਨਾਲ ਸਾਡਾ ਮੇਲ ਜੋਲ ਸੀ।

ਬਿਆਨਕਰਤਾ ਅਨੁਸਾਰ ਉਕਤ ਪਰਵਾਰ ਨੇ ਸਾਨੂੰ ਇਹ ਝਾਂਸੇ ਵਿਚ ਲਿਆ ਕਿ ਉਨ੍ਹਾਂ ਦੀ ਲੜਕੀ ਜਤਿੰਦਰ ਕੌਰ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੈ ਜੋ ਕਿ ਵਿਦੇਸ਼ ਜਾਣਾ ਚਾਹੁੰਦੀ ਹੈ, ਜੇ ਲੜਕੇ ਦਾ ਪਰਵਾਰ ਖ਼ਰਚਾ ਕਰਨ ਨੂੰ ਤਿਆਰ ਹੈ ਤਾਂ ਅਸੀਂ ਇਸ ਲੜਕੀ ਦਾ ਵਿਆਹ ਕਰ ਦੇਵਾਂਗੇ। ਬਿਆਨਕਰਤਾ ਅਨੁਸਾਰ 6 ਮਈ 2018 ਨੂੰ ਮੇਰਾ ਤੇ ਜਤਿੰਦਰ ਕੌਰ ਦਾ ਪੂਰੇ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਹੋਇਆ ਜੋ ਕਿ ਮੇਰੇ ਨਾਲ ਸਹੁਰੇ ਘਰ ਰਹਿਣ ਲੱਗੀ। ਸ਼ਿਕਾਇਤਕਰਤਾ ਅਨੁਸਾਰ ਤਿੰਨ ਵਾਰ ਆਈਲੈਟਸ ਦੀ ਤਿਆਰੀ ਤੇ ਪੇਪਰ ਦੇਣ ਤੋਂ ਬਾਅਦ ਜਤਿੰਦਰ ਕੌਰ ਦੇ 6.5 ਬੈਂਡ ਆਏ ਅਤੇ 31 ਲੱਖ ਰੁਪਏ ਖ਼ਰਚ ਕੇ ਉਸ ਨੂੰ ਕੈਨੇਡਾ ਵਿਦੇਸ਼ ਭੇਜਿਆ। ਸ਼ਿਕਾਇਤਕਰਤਾ ਪ੍ਰਿਤਪਾਲ ਸਿੰਘ ਅਨੁਸਾਰ ਉਸ ਦੀ ਪਤਨੀ ਜਦੋਂ ਕੈਨੇਡਾ ਗਈ ਤਾਂ ਉਸ ਨੇ ਅਪਣੇ ਦਸਤਾਵੇਜ਼ਾਂ ਵਿਚ ਵਿਆਹੁਤਾ ਦੀ ਥਾਂ ਸਿੰਗਲ ਲਿਖਿਆ ਜਿਸ ਦੇ ਮਨ ਵਿਚ ਪਹਿਲਾਂ ਹੀ ਮੇਰੇ ਨਾਲ ਧੋਖਾਧੜੀ ਕਰਨ ਦਾ ਇਰਾਦਾ ਸੀ।
ਪ੍ਰਿਤਪਾਲ ਸਿੰਘ ਅਨੁਸਾਰ ਜਦੋਂ ਉਹ ਆਪਣੀ ਵਿਦੇਸ਼ ਗਈ ਪਤਨੀ ਨੂੰ ਆਪਣੀ ਫਾਈਲ ਵਾਰ-ਵਾਰ ਲਗਾਉਣ ਲਈ ਕਹਿੰਦਾ ਸੀ ਤਾਂ ਜੋ ਉਹ ਕੈਨੇਡਾ ਆ ਸਕੇ ਪਰ ਉਸ ਦੀ ਪਤਨੀ ਜਤਿੰਦਰ ਕੌਰ ਲਾਰੇ ਲਗਾਉਂਦੀ ਰਹੀ। ਪਤਨੀ ਨੂੰ ਜੋ ਕੈਨੇਡਾ ਵਿਚ ਵਰਕ ਪਰਮਿਟ ਮਿਲਿਆ ਉਸ ਵਿਚ ਉਸ ਨੇ ਅਪਣੇ ਆਪ ਨੂੰ ਵਿਆਹੁਤਾ ਨਹੀਂ ਦਰਸਾਇਆ। ਜਦੋਂ ਪਤਨੀ ਵਿਦੇਸ਼ ਬੁਲਾਉਣ ਤੋਂ ਟਾਲਾ ਵੱਟਣ ਲੱਗੀ ਤਾਂ ਅਖ਼ੀਰ ਉਸ ਨੇ ਗੱਲਬਾਤ ਕਰਨੀ ਵੀ ਬੰਦ ਕਰ ਦਿਤੀ। ਅਪਣੇ ਨਾਲ ਧੋਖਾਧੜੀ ਸਬੰਧੀ ਜਦੋਂ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ ਤਾਂ ਉੱਥੇ ਮੇਰੇ ਸੱਸ ਤੇ ਸਹੁਰਾ ਨੇ ਪੰਚਾਇਤ ਵਿਚ ਭਰੋਸਾ ਦਿਵਾਇਆ ਕਿ ਪੀ.ਆਰ ਹੋਣ ਤੋਂ ਬਾਅਦ ਉਹ ਪ੍ਰਿਤਪਾਲ ਸਿੰਘ ਨੂੰ ਵਿਦੇਸ਼ ਬੁਲਾ ਲਵੇਗੀ ਜਿਸ ਤੋਂ ਬਾਅਦ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਹੋ ਗਿਆ।
ਕੁੱਝ ਸਮੇਂ ਬਾਅਦ ਉਸ ਨੂੰ ਪਤਾ ਲੱਗਾ ਕਿ ਮੇਰੀ ਪਤਨੀ ਜਤਿੰਦਰ ਕੌਰ ਨੇ ਆਪਣੇ ਮਾਤਾ ਪਿਤਾ ਨਾਲ ਮਿਲ ਕੇ ਮੇਰੇ ਨਾਲ ਤਲਾਕ ਲੈਣ ਲਈ ਵਿਦੇਸ਼ ਤੋਂ ਮੁਖਤਿਆਰਨਾਮਾ ਭੇਜਿਆ ਹੈ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਮੇਰੀ ਪਤਨੀ ਤੇ ਸਹੁਰੇ ਪਰਵਾਰ ਨਾਲ ਅਪਣੀ ਲੜਕੀ ਨੂੰ ਵਿਦੇਸ਼ ਭੇਜਣ ਲਈ ਮੇਰੇ ਨਾਲ 31 ਲੱਖ ਰੁਪਏ ਦੀ ਠੱਗੀ ਮਾਰੀ। ਪੁਲਿਸ ਵਲੋਂ ਜਾਂਚ ਤੋਂ ਬਾਅਦ 31 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਜਤਿੰਦਰ ਕੌਰ, ਜਰਨੈਲ ਸਿੰਘ ਤੇ ਬਲਵਿੰਦਰ ਕੌਰ ਵਿਰੁਧ ਮਾਮਲਾ ਦਰਜ ਕਰ ਲਿਆ ਹੈ ਪਰ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ।