ਅੱਜ ਤੋਂ 18ਵੀਂ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਸੈਸ਼ਨ ਵਿਚ ਨਵੇਂ ਚੁਣ ਕੇ ਆਏ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਨਵੀਂ ਸੰਸਦ ਭਵਨ ਵਿੱਚ ਪਹਿਲੀ ਵਾਰ ਨਵੇਂ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਹੋਵੇਗਾ। ਲੋਕ ਸਭਾ ਸਪੀਕਰ ਦੀ ਚੋਣ 26 ਜੂਨ ਨੂੰ ਹੋਵੇਗੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ 27 ਜੂਨ ਨੂੰ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਇਸ ਵਾਰ ਸਦਨ ਦਾ ਨਜ਼ਰੀਆ ਵੱਖਰਾ ਹੋਵੇਗਾ ਕਿਉਂਕਿ ਭਾਜਪਾ ਕੋਲ ਇਕੱਲਾ ਬਹੁਮਤ ਨਹੀਂ ਹੈ ਅਤੇ ਵਿਰੋਧੀ ਧਿਰ ਮਜ਼ਬੂਤ ​​ਹੈ।ਅਜਿਹੇ ‘ਚ ਦੇਖਣਾ ਇਹ ਹੋਵੇਗਾ ਕਿ ਪੰਜਾਬ ਵਿਚੋਂ ਸਭ ਤੋਂ ਵੱਡੀ ਕਰੀਬ 2 ਲੱਖ ਵੋਟਾਂ ਦੀ ਜਿੱਤ ਹਾਸਲ ਕਰਕੇ ਖਡੂਰ ਸਾਹਿਬ ਤੋਂ ਨਵੇਂ ਚੁਣੇ ਐਮਪੀ ਅੰਮ੍ਰਿਤਪਾਲ ਸਿੰਘ ਵੀ ਸਹੁੰ ਚੁੱਕਣ ਲਈ ਬਾਹਰ ਆਉਂਦੇ ਹਨ ਜਾਂ ਨਹੀਂ। ਕਿਉਂਕਿ ਅੰਮ੍ਰਿਤਪਾਲ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਅਜਿਹੇ ‘ਚ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਉਨ੍ਹਾਂ ‘ਤੇ ਇੱਕ ਸਾਲ ਲਈ ਹੋਰ ਐਨਐਸਏ ਵਧਾ ਦਿੱਤਾ ਸੀ।

    ਭਾਜਪਾ ਨੇਤਾ ਅਤੇ 7 ਵਾਰ ਦੇ ਸੰਸਦ ਮੈਂਬਰ ਭਰਤਹਿਰੀ ਮਹਿਤਾਬ ਨੂੰ ਪ੍ਰੋਟੇਮ ਸਪੀਕਰ ਚੁਣ ਲਿਆ ਗਿਆ ਹੈ ਜਿਸਨੂੰ ਲੈਕੇ ਸਦਨ ‘ਚ ਹੰਗਾਮਾ ਵੀ ਦੇਖਣ ਨੂੰ ਮਿਲਿਆ। ਰਾਸ਼ਟਰਪਤੀ ਮੁਰਮੂ ਸੋਮਵਾਰ ਨੂੰ ਮਹਿਤਾਬ ਨੂੰ ਪ੍ਰੋਟੇਮ ਸਪੀਕਰ ਵਜੋਂ ਅਹੁਦੇ ਦੀ ਸਹੁੰ ਚੁਕਾਉਣਗੇ। ਮਹਿਤਾਬ ਸਵੇਰੇ 11 ਵਜੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਕਰਨਗੇ।

    ਸਹੁੰ ਚੁੱਕ ਸਮਾਗਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਪ੍ਰੋਟੇਮ ਸਪੀਕਰ ਫਿਰ ਰਾਸ਼ਟਰਪਤੀ ਦੁਆਰਾ ਨਿਯੁਕਤ ਸਪੀਕਰ ਪੈਨਲ ਦੇ ਮੈਂਬਰਾਂ ਨੂੰ ਸਹੁੰ ਚੁਕਾਏਗਾ, ਜੋ ਕਾਰਵਾਈ ਨੂੰ ਚਲਾਉਣ ਵਿੱਚ ਸਹਾਇਤਾ ਕਰਨਗੇ। ਇਸ ਤੋਂ ਬਾਅਦ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ।ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, 8 ਵਾਰ ਕਾਂਗਰਸ ਦੇ ਸੰਸਦ ਮੈਂਬਰ ਕੇ. ਸੁਰੇਸ਼ ਨੂੰ ਪ੍ਰੋਟੇਮ ਸਪੀਕਰ ਬਣਾਇਆ ਜਾਣਾ ਸੀ, ਪਰ ਉਹ ਦਲਿਤ ਹੋਣ ਕਾਰਨ ਉਨ੍ਹਾਂ ਨੂੰ ਨਹੀਂ ਚੁਣਿਆ ਗਿਆ। ਰਮੇਸ਼ ਨੇ ਕਿਹਾ, ਜੇਕਰ ਲਗਾਤਾਰ 7 ਵਾਰ ਜਿੱਤਣ ਦੀ ਦਲੀਲ ਹੈ ਤਾਂ ਕਰਨਾਟਕ ਤੋਂ ਭਾਜਪਾ ਦੇ ਸੰਸਦ ਆਰ.ਸੀ.ਜਿਗਾਜਿਨਾਗੀ ਵੀ ਹਨ। ਉਨ੍ਹਾਂ ‘ਤੇ ਵਿਚਾਰ ਕਿਉਂ ਨਹੀਂ ਕੀਤਾ ਗਿਆ? ਕੀ ਇਸ ਲਈ ਕਿ ਉਹ ਵੀ ਦਲਿਤ ਹਨ?ਇਸ ਤੋਂ ਪਹਿਲਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਸੀ ਕਿ ਸੁਰੇਸ਼ 8ਵੀਂ ਵਾਰ ਸੰਸਦ ਮੈਂਬਰ ਹਨ, ਪਰ ਉਹ 1998 ਅਤੇ 2004 ਦੀਆਂ ਚੋਣਾਂ ਹਾਰ ਗਏ ਸਨ। ਇਸ ਦੇ ਨਾਲ ਹੀ ਮਹਿਤਾਬ ਲਗਾਤਾਰ 7 ਵਾਰ ਸੰਸਦ ਮੈਂਬਰ ਹਨ। ਇਸ ਦੌਰਾਨ ਪ੍ਰੋਟੇਮ ਸਪੀਕਰ ਦੀ ਮਦਦ ਲਈ ਬਣਾਏ ਪੈਨਲ ਵਿੱਚ ਸ਼ਾਮਲ ਵਿਰੋਧੀ ਧਿਰ ਦੇ ਸੰਸਦ ਮੈਂਬਰ ਇਸ ਤੋਂ ਹਟ ਸਕਦੇ ਹਨ। ਰਾਸ਼ਟਰਪਤੀ ਨੇ ਕਾਂਗਰਸ ਦੇ ਸੁਰੇਸ਼, ਤ੍ਰਿਣਮੂਲ ਦੇ ਸੁਦੀਪ ਬੰਦੋਪਾਧਿਆਏ ਅਤੇ ਡੀਐਮਕੇ ਦੇ ਟੀਆਰ ਬਾਲੂ ਨੂੰ ਨਾਮਜ਼ਦ ਕੀਤਾ ਹੈ।